ਜਲੰਧਰ: ਹਾਕੀ ਦਾ ਮੱਕਾ ਕਿਹਾ ਜਾਂਦਾ ਜਲੰਧਰ ਦਾ ਪਿੰਡ ਸੰਸਾਰਪੁਰ ਦਾ ਇਤਿਹਾਸ ਅਜਿਹਾ ਹੈ ਕਿ ਤੁਹਾਡਾ ਸੀਨਾ ਮਾਨ ਨਾਲ ਚੌੜਾ ਹੋ ਜਾਵੇਗਾ। ਯੋਧਿਆਂ ਅਤੇ ਸੂਰਮਿਆਂ ਦੀ ਧਰਤੀ ਪੰਜਾਬ 'ਚ ਸੰਸਾਰਪੁਰ ਦੇਸ਼ ਦਾ ਇਕਲੌਤਾ ਅਜਿਹਾ ਪਿੰਡ ਹੈ ਜਿਸ ਨੇ ਹਾਕੀ ਨੂੰ 14 ਓਲੰਪੀਅਨ ਦਿੱਤੇ ਜਿਨ੍ਹਾਂ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ 27 ਮੈਡਲ ਜਿੱਤੇ ਹਨ।
ਪਿੰਡ ਨੇ 14 ਓਲੰਪੀਅਨ ਭਾਰਤ ਨੂੰ ਦਿੱਤੇ
ਓਲੰਪੀਅਨ ਗੁਰਦੇਵ ਸਿੰਘ ਦੇ ਭਤੀਜੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਅੰਗ੍ਰੇਜ਼ ਖੇਡਦੇ ਸੀ ਤਾਂ ਉਸ ਵੇਲੇ ਪਿੰਡ ਦੇ ਲੋਕ ਵੀ ਇਥੇ ਖੇਡਿਆ ਕਰਦੇ ਸਨ। ਪਿੰਡ ਵਾਸੀਆਂ ਦੀ ਦਿਲਚਸਪੀ ਵਧੀ ਅਤੇ ਅੰਗ੍ਰੇਜ਼ਾਂ ਨਾਲ ਖੇਡਦੇ-ਖੇਡਦੇ ਸਾਡੀ ਗੇਮ 'ਚ ਵੀ ਨਿਖਾਰ ਆਇਆ ਅਤੇ ਇਸ ਸੰਸਾਰਪੁਰ ਨੇ ਇਸੇ ਜਗ੍ਹਾ ਤੋਂ ਸ਼ੁਰੂ ਕਰਕੇ 14 ਓਲੰਪੀਅਨ ਭਾਰਤ ਨੂੰ ਦਿੱਤੇ।
ਕਿਸੇ ਸਮੇਂ ਇਸ ਮੈਦਾਨ ਨੇ ਭਾਰਤੀ ਹਾਕੀ ਨੂੰ ਇੱਕ ਨਵੀਂ ਬੁਲੰਦੀ 'ਤੇ ਲੈ ਜਾਣ ਦਾ ਕੰਮ ਕੀਤਾ ਸੀ। ਇਸਦੇ ਬਾਵਜੂਦ ਇਹ ਮੈਦਾਨ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੈ। ਦੁਨੀਆਂ ਵਿੱਚ ਹਾਕੀ ਦਾ ਪੱਧਰ ਉੱਚਾ ਚੁੱਕਣ ਵਾਲਾ ਇਹ ਪਿੰਡ ਅੱਜ ਵੀ ਐਸਟ੍ਰੋਟਰਫ਼ ਮੈਦਾਨ ਦੀ ਉਡੀਕ ਵਿੱਚ ਹੈ। ਹਾਕੀ ਪ੍ਰੇਮੀਆਂ ਲਈ ਇਹ ਮੈਦਾਨ ਅੱਜ ਵੀ ਉਨ੍ਹੀ ਹੀ ਖਿੱਚ ਦਾ ਕੇਂਦਰ ਹੈ ਜਿੰਨਾ ਉਸ ਵੇਲੇ ਸੀ ਜਦੋਂ ਇਸ ਪਿੰਡ ਵਿੱਚੋਂ ਕੇਂਦਰੀ ਟੀਮ ਵਿੱਚ ਛੇ ਖਿਡਾਰੀ ਇਕੱਠੇ ਖੇਡਿਆ ਕਰਦੇ ਸੀ। ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਮਿਲਣ ਨਾਲ ਬੱਚੇ ਹਾਕੀ ਸਿੱਖ ਕੇ ਮੁੜ ਤੋਂ ਪਿੰਡ ਦੀ ਰਿਵਾਇਤ ਨੂੰ ਅੱਗੇ ਵਧਾ ਸਕਦੇ ਹਨ।
ਐਸਟ੍ਰੋਟਰਫ ਗ੍ਰਾਊਂਡ ਦੀ ਮੰਗ
ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਵਧਿਆ ਗ੍ਰਾਸ ਰੂਟਸ ਵਾਲੀਆਂ ਜਗ੍ਹਾ 'ਤੇ ਵਧੀਆ ਸਪੋਰਟਸ ਹੱਬ ਬਣਾਓਣੀਆਂ ਚਾਹੀਦੀਆਂ ਹਨ। ਇਸ ਪਿੰਡ ਨਾਲ ਲੱਗਦਾ ਮੈਦਾਨ ਆਰਮੀ ਗ੍ਰਾਊਂਡ ਹੈ। ਉਸ ਮੈਦਾਨ 'ਚ ਖੇਡਕੇ ਸਾਡੇ ਬੱਚੇ ਵਧੀਆ ਮੁਕਾਮ 'ਤੇ ਪਹੁੰਚੇ। ਜੇਕਰ ਸਾਡੇ ਪਿੰਡ ਵਧੀਆ ਐਸਟ੍ਰੋਟਰਫ ਗ੍ਰਾਊਂਡ ਹੋਵੇਗੀ ਤਾਂ ਅਸੀਂ ਆਓਣ ਵਾਲੇ ਸਮੇਂ 'ਚ ਵੀ ਵਧੀਆਂ ਖਿਡਾਰੀ ਭਾਰਤ ਨੂੰ ਦੇ ਸਕਦੇ ਹਾਂ।