ਜਲੰਧਰ: ਭਾਜਪਾ ਦੇ ਸੀਨੀਆਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਨੇ ਬੁੱਧਵਾਰ ਨੂੰ ਐਕਸਾਈਜ਼ ਨਿਤੀ ਨੂੰ ਲੈ ਕੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਸੀਨੀਅਰ ਭਾਜਪਾ ਆਗੂ ਨੇ ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਖੜੇ ਕੀਤੇ ਸਵਾਲ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਐਕਸਾਈਜ਼ ਪਾਲਿਸੀ ਤਿਆਰ ਕੀਤੀ ਗਈ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸ਼ਰਾਬ ਦੇ ਠੇਕੇਦਾਰਾਂ ਨੂੰ ਪਿਛਲੇ ਡੇਢ ਮਹੀਨੇ ਦੇ ਕਰਫਿਊ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਕਾਲੀਆ ਨੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਦੇ ਠੇਕੇਦਾਰਾਂ ਨੂੰ ਨੁਕਸਾਨ ਨਹੀਂ ਹੋਇਆ ਹੈ, ਕਿਉਂਕਿ ਬਾਕੀ ਪ੍ਰਦੇਸ਼ਾਂ ਵਿੱਚ ਜਦੋਂ ਠੇਕੇ ਖੁੱਲ੍ਹੇ ਸੀ ਤਾਂ ਉੱਥੇ ਲੰਮੀਆਂ ਕਤਾਰਾਂ ਲੱਗੀਆਂ ਸੀ ਪਰ ਪੰਜਾਬ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ ਕਤਾਰ ਦੇਖਣ ਨੂੰ ਨਹੀਂ ਮਿਲੀ। ਜਿਸ ਦਾ ਸਾਫ਼ ਮਤਲਬ ਹੈ ਕਿ ਪੰਜਾਬ ਵਿੱਚ ਕਰਫਿਊ ਦੌਰਾਨ ਵੀ ਸਰਕਾਰ, ਠੇਕੇਦਾਰਾਂ ਅਤੇ ਡਿਸਟਲਰੀ ਮਾਲਕਾਂ ਦੀ ਮਿਲੀਭੁਗਤ ਨਾਲ ਸ਼ਰਾਬ ਸਪਲਾਈ ਹੁੰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਪਿਛਲੇ ਡੇਢ ਮਹੀਨੇ ਦੌਰਾਨ ਸ਼ਰਾਬ ਦੇ ਠੇਕੇਦਾਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਗੱਲ ਕਰ ਸਕਦੀ ਹੈ ਤਾਂ ਉਸ ਨੂੰ ਬਾਕੀ ਉਦਯੋਗਾਂ ਅਤੇ ਬਾਕੀ ਕਾਰੋਬਾਰਾਂ ਦੀ ਵੀ ਭਰਪਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ।