ਜਲੰਧਰ: ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਮ ਆਦਮੀ ਪਾਰਟੀ (ਆਪ) ਉੱਤੇ ਇਲਜ਼ਾਮ ਲਗਾਇਆ ਗਿਆ ਹੈੈ ਕਿ ਉਸ ਨੇ ਚੋਣਾਂ ਜਿੱਤਣ ਵੇਲੇ 'ਬਦਲਾਓ' ਲਿਆਉਣ ਦੇ ਵਾਅਦੇ ਨੂੰ ਤਿਲਾਂਜਲੀ ਦਿੰਦਿਆਂ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਉੱਤੇ ਪਹਿਰਾ ਦੇਣ ਵਾਲੇ "ਆਮ" ਵਾਲੰਟੀਅਰਾਂ ਦੀ ਥਾਂ ਚਹੇਤੇ "ਖਾਸ" ਬੰਦਿਆਂ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ ਜਿੰਨ੍ਹਾਂ ਵਿੱਚੋਂ ਦੋ ਪੰਜਾਬ ਤੋਂ ਬਾਹਰਲੇ ਹਨ ਜੋ ਪੰਜਾਬੀ ਸੱਭਿਆਚਾਰ, ਪੰਜਾਬ ਦੇ ਇਤਿਹਾਸ ਅਤੇ ਮਾਂ-ਬੋਲੀ ਪੰਜਾਬੀ ਭਾਸ਼ਾ ਤੋਂ ਵੀ ਜਾਣੂ ਨਹੀਂ ਜਦ ਕਿ ਇੱਕ "ਗੰਗਾਪੁੱਤਰ" ਦਾ ਹੁਣ ਤੱਕ ਸਬੰਧ ਭਾਜਪਾ ਨਾਲ ਰਿਹਾ ਹੈ।
ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਆਪ ਪਾਰਟੀ ਦਾ ਸੂਬੇ ਵਿੱਚ ਇਨਕਲਾਬ ਰਾਹੀਂ 'ਬਦਲਾਅ' ਲਿਆਉਣ ਦਾ ਨਾਅਰਾ ਇੱਕ ਹਫਤੇ ਵਿੱਚ ਹੀ ਠੁੱਸ ਹੋ ਗਿਆ ਜਦੋਂ ਪੰਜਾਬ ਤੇ ਪੰਜਾਬੀਅਤ ਲਈ ਆਵਾਜ਼ ਉਠਾਉਣ ਵਾਲੀਆਂ ਸਖਸ਼ੀਅਤਾਂ ਨੂੰ ਨਿਵਾਜਣ ਦੀ ਥਾਂ ਉਨ੍ਹਾਂ ਚਹੇਤੇ ਅਤੇ ਧਨੀ ਬੰਦਿਆਂ ਨੂੰ ਸੂਬੇ ਦੀ ਰਹਿਨੁਮਾਈ ਲਈ ਉਪਰਲੀ ਸੰਸਦ ਵਿੱਚ ਭੇਜਿਆ ਹੈ ਜਿੰਨ੍ਹਾਂ ਨੇ ਕਦੇ ਵੀ ਖੁੱਲ੍ਹ ਕੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕੀਤੀ।
ਉਨ੍ਹਾਂ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁੱਛਿਆ ਹੈ ਕਿ ਹੋਰਨਾਂ ਨੂੰ ਪਾਰਦਰਸ਼ਤਾ ਦਾ ਪਾਠ ਪੜ੍ਹਾਉਣ ਵਾਲੇ ਭਗਵੰਤ ਮਾਨ ਕੀ ਹੁਣ ਰਾਜ ਸਭਾ ਦੇ ਪੰਜ ਮੈਂਬਰਾਂ ਦੀ ਚੋਣ ਕਰਨ ਦੇ ਮਾਪਦੰਡਾਂ ਬਾਰੇ ਖੁਲਾਸਾ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਪਾਰਦਰਸ਼ੀ ਹੋਣ ਦਾ ਸਬੂਤ ਦੇਣਗੇ। ਕਿਸਾਨ ਆਗੂ ਨੇ ਕਿਹਾ ਕਿ ਭਗਵੰਤ ਮਾਨ ਇਹ ਵੀ ਲੋਕਾਂ ਨੂੰ ਦੱਸਣ ਕਿ ਬਾਹਰਲੇ ਰਾਜਾਂ ਤੋਂ ਸੰਸਦ ਮੈਂਬਰ ਬਣਾਉਣ ਵਾਲੀ ਇਹ ਸੂਚੀ ਕੀ ਉਨ੍ਹਾਂ ਦੀ ਸਹਿਮਤੀ ਨਾਲ ਬਣੀ ਹੈ?