ਜਲੰਧਰ: ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਸਿਟੀ ਪੁਲਿਸ ਨੇ ਵੀਰਵਾਰ ਨੂੰ ਖ਼ਾਲਿਸਤਾਨ ਕਮਾਂਡੋ ਫ਼ੋਰਸ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨਾਲ ਸਬੰਧ ਰੱਖਣ ਵਾਲੇ ਇੱਕ ਕੱਟੜਪੰਥੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਯੂਗਾਂਡਾ ਵਾਸੀ ਅਮਰੀਕ ਸਿੰਘ ਉਰਫ਼ ਮੰਗਾ ਪੁੱਤਰ ਅੱਛਰ ਸਿੰਘ ਵਾਸੀ ਪਿੰਡ ਸਰੀਹ ਦੇ ਤੌਰ 'ਤੇ ਹੋਈ ਹੈ। ਦੱਸਣਯੋਗ ਹੈ ਕਿ ਅਮਰੀਕ ਸਿੰਘ ਨੇਪਾਲ ਦੇ ਰਾਹੀਂ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਗ਼ੈਰਕਾਨੂੰਨੀ ਤੌਰ 'ਤੇ ਇਥੇ ਰਹਿ ਰਿਹਾ ਸੀ।
ਇਸ ਸਬੰਧੀ ਏਆਈਜੀ ਕਾਊਂਟਰ ਇੰਟੈਲੀਜੈਂਸ ਹਰਕੰਵਲਪ੍ਰੀਤ ਸਿੰਘ ਖਖ ਨੇ ਕਿਹਾ ਕਿ ਮੁਲਜ਼ਮ, ਪੁਲਿਸ ਨੂੰ ਸਾਲ 2006 'ਚ ਜਲੰਧਰ ਬੱਸ ਸਟੈਂਡ 'ਤੇ ਹੋਏ ਬੰਬ ਧਮਾਕਿਆਂ ਵਿੱਚ ਲੋੜੀਂਦਾ ਸੀ ਜਿਸ ਵਿੱਚ 3 ਲੋਕਾਂ ਦੀ ਮੌਤ ਹੋਈ ਸੀ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਸਾਲ 1992 ਤੋਂ 1995 ਦੇ ਸਮੇਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਸੀ ਤੇ ਉਹ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ ਨਾਲ ਵੀ ਸਬੰਧਤ ਰੱਖਦਾ ਸੀ।