ਜਲੰਧਰ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ 21 ਦਿਨਾਂ ਲਈ ਲੌਕਡਾਊਨ ਲੱਗਾ ਹੋਇਆ ਹੈ। ਇਸ ਦੌਰਾਨ ਸਭ ਕੰਮ-ਧੰਦੇ ਬੰਦ ਹੋਣ ਕਾਰਨ ਪਰਵਾਸੀ ਲੋਕਾਂ ਦਾ ਰੁਜ਼ਗਾਰ ਵੀ ਪੂਰੀ ਤਰ੍ਹਾਂ ਖ਼ਤਮ ਹੈ। ਜੋ ਲੋਕ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਉਨ੍ਹਾਂ ਲਈ ਵੀ ਇਨ੍ਹਾਂ ਦਿਨਾਂ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚੱਲਦਿਆਂ ਸਰਕਾਰ ਲੋੜਵੰਦਾਂ ਤੱਕ ਖਾਣਾ ਅਤੇ ਰਾਸ਼ਨ ਪਹੁੰਚਾ ਰਹੀ ਹੈ।
ਜਲੰਧਰ ਦੇ ਏ.ਐਸ. ਵਿਲਾ ਕਾਲੋਨੀ ਵਿੱਚ 7 ਤੋਂ 8 ਪਰਵਾਸੀ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਦੇ 25 ਮੈਂਬਰ ਹਨ ਅਤੇ ਇਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਹਨ। ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਵੱਲੋਂ ਮਦਦ ਮਿਲੀ ਹੈ ਅਤੇ ਨਾ ਹੀ ਰਾਸ਼ਨ ਦੀ ਵਿਵਸਥਾ। ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਸੁੱਖ ਸੁਵਿਧਾ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਹੈ ਅਤੇ ਮੁਹੱਲਾ ਵਾਸੀ ਹੀ ਉਨ੍ਹਾਂ ਨੂੰ ਇੱਕ ਜਾਂ ਦੋ ਟਾਈਮ ਦੀ ਰੋਟੀ ਦੇ ਜਾਂਦੇ ਹਨ ਜਿਸ ਨਾਲ ਉਹ ਆਪਣੇ ਬੱਚਿਆਂ ਦਾ ਅਤੇ ਆਪਣਾ ਢਿੱਡ ਪਾਲਦੇ ਹਨ।