ਵਿਆਹ ਤੋਂ ਇਨਕਾਰ ਕਰਨ 'ਤੇ ਮਾਸੀ ਦੇ ਮੁੰਡੇ ਨੇ ਸੁਟਵਾਇਆ ਸੀ ਤੇਜ਼ਾਬ, ਗ੍ਰਿਫ਼ਤਾਰ - ਗੁਰਪ੍ਰੀਤ ਸਿੰਘ ਭੁੱਲਰ
ਜਲੰਧਰ : ਪੀ.ਏ.ਪੀ. ਚੌਕ 'ਚ ਬੀਤੀ 30 ਜਨਵਰੀ ਨੂੰ ਇੱਕ ਲੜਕੀ ਉੱਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਸ਼ਾਮਲ ਤਿੰਨ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ 'ਤੇ ਹਮਲਾ ਉਸ ਦੇ ਮਾਸੀ ਦੇ ਮੁੰਡੇ ਨੇ ਕਰਵਾਇਆ ਸੀ। ਮੁਲਜ਼ਮ ਅਤੇ ਲੜਕੀ ਇੱਕ-ਦੂਜੇ ਨੂੰ ਪਿਆਰ ਕਰਦੇ ਸਨ। ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰਨ 'ਤੇ ਮੁਲਜ਼ਮ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।
ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਦੀਪ ਸਿੰਘ ਆਪਣੀ ਸਕੀ ਮਾਸੀ ਦੀ ਕੁੜੀ ਨਾਲ ਪਿਆਰ ਕਰਦਾ ਸੀ। ਗੁਰਦੀਪ ਸਿੰਘ ਹਿਮਾਚਲ ਪ੍ਰਦੇਸ਼ ਦੇ ਊਨਾ ਸ਼ਹਿਰ ਦਾ ਵਾਸੀ ਹੈ ਅਤੇ ਫ਼ੌਜ 'ਚ ਨੌਕਰੀ ਕਰਦਾ ਹੈ। ਗੁਰਦੀਪ ਆਪਣੀ ਮਾਸੀ ਦੀ ਕੁੜੀ ਨਾਲ ਵਿਆਹ ਕਰਵਾਉਣ ਚਾਹੁੰਦਾ ਸੀ ਪਰ ਲੜਕੀ ਨੇ ਉਸ ਨੂੰ ਮਨਾ ਕਰ ਦਿੱਤਾ। ਇਸ ਗੱਲ ਤੋਂ ਗੁਰਦੀਪ ਕਾਫ਼ੀ ਨਾਰਾਜ਼ ਸੀ।
ਲੜਕੀ 'ਤੇ ਤੇਜ਼ਾਬ ਸੁੱਟਣ ਲਈ 25 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ :
ਇਨੀਂ ਦਿਨੀਂ ਗੁਰਦੀਪ ਸਿੰਘ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ। ਉਸ ਨੇ ਲੜਕੀ ਨੂੰ ਸਬਕ ਸਿਖਾਉਣ ਲਈ ਆਪਣੀ ਭੂਆ ਦੇ ਮੁੰਡੇ ਜਸਵਿੰਦਰ ਸਿੰਘ ਨਾਲ ਮਿਲ ਕੇ ਯੋਜਨਾ ਬਣਾਈ। ਦੋਹਾਂ ਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਲੁਧਿਆਣਾ ਦੇ ਮਨੀ ਅਤੇ ਪ੍ਰੀਤ ਨੂੰ 25 ਹਜ਼ਾਰ ਦੀ ਸੁਪਾਰੀ ਦਿੱਤੀ।
ਇੰਜ ਦਿੱਤਾ ਵਾਰਦਾਤ ਨੂੰ ਅੰਜਾਮ :
ਪੀੜਤ ਲੜਕੀ ਜਲੰਧਰ ਸਥਿਤ ਇੱਕ ਨਿੱਜੀ ਹਸਪਤਾਲ 'ਚ ਲੈਬ ਟੈਕਨੀਸ਼ੀਅਨ ਵਜੋਂ ਕੰਮ ਕਰਦੀ ਹੈ। ਮਨੀ ਅਤੇ ਪ੍ਰੀਤ ਨੇ ਦੋ ਦਿਨ 28 ਅਤੇ 29 ਜਨਵਰੀ ਨੂੰ ਉਸ ਦੇ ਘਰ ਤੋਂ ਹਸਪਤਾਲ ਤੱਕ ਰੇਕੀ ਕੀਤੀ। 30 ਜਨਵਰੀ ਨੂੰ ਲੜਕੀ ਰਾਮਾ ਮੰਡੀ ਦੇ ਟਰਾਂਸਪੋਰਟ ਨਗਰ ਸਥਿਤ ਆਪਣੇ ਘਰੋਂ ਨੌਕਰੀ ਜਾਣ ਲਈ ਨਿਕਲੀ। ਜਦੋਂ ਉਹ ਪੀਏਪੀ ਚੌਕ ਨੇੜੇ ਆਟੋ ਬਦਲਣ ਲੱਗੀ ਤਾਂ ਦੋਹਾਂ ਮੁਲਜ਼ਮਾਂ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਵਾਰਦਾਤ ਮਗਰੋਂ ਦੋਵੇਂ ਮੁਲਜ਼ਮ ਮੋਟਰਸਾਈਕਲ 'ਤੇ ਸਵਾਰ ਹੋ ਕੇ ਉੱਥੋਂ ਫ਼ਰਾਰ ਹੋ ਗਏ ਸਨ।
ਤਿੰਨ ਮੁਲਜ਼ਮ ਗ੍ਰਿਫ਼ਤਾਰ, ਚੌਥੇ ਦੀ ਭਾਲ ਜਾਰੀ :
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁੱਖ ਮੁਲਜ਼ਮ ਗੁਰਦੀਪ ਸਿੰਘ ਵਾਸੀ ਡੀਡਨ ਥਾਣਾ ਹਰੋਲੀ ਜ਼ਿਲਾ ਊਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਸਵਿੰਦਰ ਸਿੰਘ ਨੂੰ ਪਿੰਡ ਪਡੋਗਾ ਥਾਣਾ ਹਰੋਲੀ ਜ਼ਿਲ੍ਹਾ ਊਨਾ ਅਤੇ ਤੀਜੇ ਦੋਸ਼ੀ ਮਨੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਤੋਂ 2 ਮੋਟਰਸਾਈਕਲ ਅਤੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਚੌਥੇ ਮੁਲਜ਼ਮ ਪ੍ਰੀਤ ਦੀ ਭਾਲ ਜਾਰੀ ਹੈ।