ਜਲੰਧਰ: ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਕਰਫਿਊ ਦੌਰਾਨ ਦਿਨ ਰਾਤ ਆਪਣੀ ਡਿਊਟੀ ਨਿਭਾ ਰਹੀ ਹੈ, ਉਥੇ ਹੀ ਬਹਾਦੁਰੀ ਦਿਖਾ ਚੁੱਕੇ ਆਪਣੇ ਪੁਲਿਸ ਮੁਲਾਜ਼ਮ ਨੂੰ ਸਨਮਾਨ ਵੀ ਦੇ ਰਹੀ ਹੈ। ਕੁੱਝ ਦਿਨ ਪਹਿਲਾਂ ਪਟਿਆਲਾ ਵਿਖੇ ਇੱਕ ਨਿਹੰਗ ਵੱਲੋਂ ਹਮਲੇ ਦੌਰਾਨ ਨਾਕੇ 'ਤੇ ਡਿਊਟੀ ਕਰ ਰਹੇ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ। ਇਸ ਤੋਂ ਬਾਅਦ ਘਟਨਾ ਵਿੱਚ ਹਰਜੀਤ ਸਿੰਘ ਦੀ ਬਹਾਦਰੀ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪ੍ਰਮੋਟ ਕਰਕੇ ਸਬ-ਇੰਸਪੈਕਟਰ ਬਣਾਇਆ ਗਿਆ ਸੀ। ਉਧਰ ਹੁਣ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਵੱਖਰੇ ਅੰਦਾਜ਼ ਵਿੱਚ ਸਨਮਾਨਿਤ ਕੀਤਾ ਹੈ।
ਅੱਜ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਹਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਦੇ ਤਕਰੀਬਨ 80 ਹਜ਼ਾਰ ਪੁਲਿਸ ਮੁਲਾਜ਼ਮਾਂ ਅਤੇ ਅਫ਼ਸਰਾਂ ਦੀਆਂ ਨੇਮ ਪਲੇਟਾਂ 'ਤੇ ਹਰਜੀਤ ਸਿੰਘ ਲਿਖ ਕੇ ਉਸ ਨੂੰ ਸਨਮਾਨ ਦੇਣ ਦੀ ਗੱਲ ਕਹੀ ਹੈ। ਇਸੇ ਦੇ ਚੱਲਦੇ ਅੱਜ ਪੂਰੇ ਪੰਜਾਬ ਵਿੱਚ ਡਿਊਟੀ ਕਰ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫਸਰਾਂ ਨੇ ਆਪਣੀ ਵਰਦੀ 'ਤੇ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਲਗਾਈ ਅਤੇ ਹਰਜੀਤ ਸਿੰਘ ਨੂੰ ਸਨਮਾਨ ਦਿੱਤਾ ਹੈ।