ਜਲੰਧਰ: ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਨਸ਼ੇ ਖ਼ਿਲਾਫ਼ ਸਖ਼ਤੀ ਨਾਲ਼ ਕਾਰਵਾਈ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਨਸ਼ਾ ਵਪਾਰੀਆਂ ਦੀ ਪਕੜ ਵਿੱਚ ਲੱਗੀ ਹੋਈ ਹੈ।
ਪੁਲਿਸ ਨੇ ਜਲੰਧਰ ਦੇ ਗਾਂਧੀ ਕੈਂਪ ਇਲਾਕੇ ਤੋਂ ਕਿਸ਼ਨ ਕੁਮਾਰ ਨਾਂਅ ਦੇ ਇੱਕ ਨੌਜਵਾਨ ਨੂੰ 25 ਗ੍ਰਾਮ ਹੈਰੋਇਨ, ਇੱਕ ਦੇਸੀ ਕੱਟਾ 315 ਬੋਰ, ਦੋ ਜਿੰਦਾ ਰਾਊਂਡ ਤੇ ਛੇ ਲੱਖ ਪੰਜ ਹਜ਼ਾਰ ਦੀ ਡਰੱਗ ਮਨੀ ਨਾਲ਼ ਗ੍ਰਿਫਤਾਰ ਕੀਤਾ ਹੈ।
ਨਸ਼ੇੜੀਆ ਖ਼ਿਲਾਫ਼ ਸਖ਼ਤ ਹੋਈ ਜਲੰਧਰ ਪੁਲਿਸ ਜਲੰਧਰ ਕਮਿਸ਼ਨਰੇਟ ਦੇ ਡੀ.ਸੀ.ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸ਼ਨ ਕੁਮਾਰ ਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਉਸ ਦੀ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਅਤੇ ਵੱਡਾ ਭਰਾ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਕਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਬਾਕਸਿੰਗ ਦੇ ਹੈਂਡਲ ਗਲਬਜ਼ ਬਣਾਉਣ ਦਾ ਕੰਮ ਕਰਦਾ ਸੀ, ਨਾਲ਼ ਨਾਲ਼ ਉਹ ਪਿਛਲੇ ਡੇਢ ਸਾਲ ਤੋਂ ਨਸ਼ੇ ਦਾ ਕਾਰੋਬਾਰ ਵੀ ਕਰ ਰਿਹਾ ਸੀ।
ਪੁਲਿਸ ਦੀ ਪੁੱਛਗਿਛ ਵਿੱਚ ਉਸ ਨੇ ਦੱਸਿਆ ਕਿ ਕਿਸ਼ਨ ਕੁਮਾਰ ਇਹ ਨਸ਼ਾ ਦਿੱਲੀ ਤੋਂ ਲਿਆ ਕੇ ਜਲੰਧਰ ਦੇ ਇਲਾਕਿਆਂ ਵਿੱਚ ਖ਼ਾਸ ਤੌਰ 'ਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੇਚਦਾ ਸੀ। ਫਿਲਹਾਲ ਪੁਲਿਸ ਨੇ ਕਿਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਤੇ ਬਣਦੀ ਕਾਰਵਾਈ ਕਰਨ ਦੇ ਨਾਲ ਨਾਲ ਉਸਦੇ ਕਾਂਟੈਕਟਸ ਵੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।