ਜਲੰਧਰ:ਰਾਹੁਲ ਗਾਂਧੀ ਦੀ ਪੰਜਾਬ 'ਚ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ। ਸੰਤੋਖ ਚੋਧਰੀ ਰਾਹੁਲ ਗਾਂਧੀ ਨਾਲ ਯਾਤਰਾ ਵਿੱਚ ਪੈਦਲ ਚੱਲ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਜਿਸ ਤੋਂ ਮਗਰੋਂ ਉਨ੍ਹਾਂ ਨੂੰ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ ਡਾਕਟਰਾਂ ਨੇ ਇਹ ਵੀ ਕਿਹਾ ਕਿ ਸੰਤੋਖ ਚੌਧਰੀ ਨੂੰ ਦਿਲ ਦਾ ਦੌਰਾ ਪਿਆ ਹੈ। ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਭਾਰਤ ਜੋੜੋ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।
ਐਤਵਾਰ ਨੂੰ ਹੋਵੇਗਾ ਸਸਕਾਰ:ਚੌਧਰੀ ਦਾ ਅੰਤਮ ਸੰਸਕਾਰ ਐਤਵਾਰ ਨੂੰ ਸਵੇਰੇ 11 ਵਜੇ ਜੱਦੀ ਪਿੰਡ ਧਾਲੀਵਾਲ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਘਰ ਪਹੁੰਚ ਚੁੱਕੀ ਹੈ। ਉਥੇ ਹੀ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪਹੁੰਚੇ ਹਨ।
76 ਸਾਲਾਂ ਦੇ ਸਨ ਸੰਤੋਖ ਚੌਧਰੀ:ਦੱਸ ਦਈਏ ਕਿ ਸਾਂਸਦ ਸੰਤੋਖ ਚੌਧਰੀ ਦੀ ਉਮਰ 76 ਸਾਲ ਸੀ ਅਤੇ ਉਨ੍ਹਾਂ ਦਾ ਜਨਮ 1946 ਵਿੱਚ ਹੋਇਆ। ਇਸ ਤੋਂ ਇਲਾਵਾ ਸਾਂਸਦ ਚੌਧਰੀ 2014 ਅਤੇ 2019 ਵਿੱਚ ਲਗਾਤਾਰ ਦੋ ਬਾਰ ਜਲੰਧਰ ਤੋਂ ਲੋਕ ਸਭਾ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ ਅਤੇ ਦੋ ਮੈਂਬਰ ਪਾਰਲੀਮੈਂਟ ਬਣੇ ਸਨ। ਇਸ ਤੋਂ ਇਲਾਵਾ ਸੰਤੋਖ ਚੌਧਰੀ ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ:Bharat Jodo Yatra Third day in Punjab: ਭਾਰਤ ਜੋੜੋ ਯਾਤਰਾ ਦੌਰਾਨ ਸਾਂਸਦ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ, ਰਾਹੁਲ ਨੇ ਰੋਕੀ ਯਾਤਰਾ
ਪੀਐਮ ਮੋਦੀ ਨੇ ਜਤਾਇਆ ਦੁਖ:ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਜੀ ਦੇ ਦੇਹਾਂਤ ਬਾਰੇ ਸੁਣ ਦੁੱਖ ਹੋਇਆ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਉਨ੍ਹਾਂ ਦੇ ਯਤਨਾਂ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਮਦਰਦੀ। ਓਮ ਸ਼ਾਂਤੀ।’
ਰਾਹੁਲ ਗਾਂਧੀ ਨੇ ਕੀਤਾ ਟਵੀਟ:ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸ਼੍ਰੀ ਸੰਤੋਖ ਸਿੰਘ ਚੌਧਰੀ ਦੇ ਅਚਾਨਕ ਅਕਾਲ ਚਲਾਣੇ 'ਤੇ ਮੈਂ ਸਦਮੇ 'ਚ ਹਾਂ। ਉਹ ਇੱਕ ਮਿਹਨਤੀ ਨੇਤਾ, ਇੱਕ ਧਰਮੀ ਵਿਅਕਤੀ ਅਤੇ ਕਾਂਗਰਸ ਪਰਿਵਾਰ ਦਾ ਇੱਕ ਮਜ਼ਬੂਤ ਥੰਮ ਸੀ, ਜਿਸ ਨੇ ਆਪਣਾ ਜੀਵਨ ਯੂਥ ਕਾਂਗਰਸ ਤੋਂ ਸੰਸਦ ਮੈਂਬਰ ਤੱਕ ਲੋਕ ਸੇਵਾ ਲਈ ਸਮਰਪਿਤ ਕਰ ਦਿੱਤਾ। ਮੈਂ ਦੁਖੀ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।’
ਸੀਐੱਮ ਮਾਨ ਨੇ ਜਤਾਇਆ ਅਫ਼ਸੋਸ: ਕਾਂਗਰਸ ਸਾਂਸਦ ਸੰਤੋਖ ਚੌਧਰੀ ਦੀ ਮੌਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੁੱਖ ਜਤਾਇਆ । ਮਾਨ ਨੇ ਟਵੀਟ ਰਾਹੀਂ ਕਿਹਾ ਕਿ ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਦੀ ਬੇਵਕਤੀ ਮੌਤ ਦਾ ਬੇਹੱਦ ਦੁੱਖ ਹੋਇਆ। ਪ੍ਰਮਾਤਮਾ ਵਿੱਛੜੀ ਰੂਹ ਨੂੰ ਸ਼ਾਂਤੀ ਬਖ਼ਸ਼ੇ।
ਓਮ ਬਿਰਲਾ ਨੇ ਜਤਾਇਆ ਦੁੱਖ:ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਸਾਂਸਦ ਸੰਤੋਖ ਚੌਧਰੀ ਦੀ ਮੌਤ ਉੱਤੇ ਦੁੱਖ ਜਤਾਇਆ ਹੈ। ਉਨ੍ਹਾਂ ਟਵੀਟ ਰਾਹੀਂ ਲਿਖਿਆ ਕਿ ਜਲੰਧਰ ਤੋਂ ਲੋਕ ਸਭਾ ਮੈਂਬਰ ਸ਼੍ਰੀ ਸੰਤੋਖ ਸਿੰਘ ਜੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ। ਆਪਣੇ ਲੰਬੇ ਜਨਤਕ ਜੀਵਨ ਵਿੱਚ ਉਹ ਲੋਕ ਹਿੱਤਾਂ ਦੇ ਮੁੱਦਿਆਂ 'ਤੇ ਹਮੇਸ਼ਾ ਆਵਾਜ਼ ਉਠਾਉਂਦੇ ਰਹੇ। ਸਦਨ ਵਿੱਚ ਅਨੁਸ਼ਾਸਨ ਉਨ੍ਹਾਂ ਦੀ ਸ਼ਖ਼ਸੀਅਤ ਦੀ ਪਹਿਚਾਣ ਸੀ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ।
ਰਾਜਾ ਵੜਿੰਗ ਨੇ ਜਤਾਇਆ ਸੰਵੇਦਨਾ:ਸਾਂਸਦ ਚੌਧਰੀ ਦੀ ਮੌਤ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਰਾਹੀਂ ਲਿਖਿਆ ਕਿ ਕਾਂਗਰਸੀ ਸਾਂਸਦ ਦੇ ਦੇਹਾਂਤ ਬਾਰੇ ਸੂਚਿਤ ਕਰਦੇ ਹੋਏ ਬਹੁਤ ਦੁੱਖ ਹੋਇਆ। ਸੰਸਦ ਮੈਂਬਰ ਸੰਤੋਖ ਚੌਧਰੀ ਜੀ ਉਨ੍ਹਾਂ ਦੇ ਪਰਿਵਾਰ, ਸਹਿਯੋਗੀਆਂ, ਦੋਸਤਾਂ ਅਤੇ ਸਮਰਥਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਮੈਂ ਸਦਮੇ ਵਿੱਚ ਹਾਂ ਪਰ ਚੌਧਰੀ ਸਾਬ ਦਾ ਸੰਕਲਪ ਮੇਰੇ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਜਤਾਇਆ ਦੁਖ:ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਸਾਡੇ ਸੰਸਦ ਮੈਂਬਰ ਸ਼੍ਰੀ ਸੰਤੋਖ ਸਿੰਘ ਚੌਧਰੀ ਦੇ ਬੇਵਕਤੀ ਦੇਹਾਂਤ ਬਾਰੇ ਜਾਣ ਕੇ ਡੂੰਘਾ ਸਦਮਾ ਅਤੇ ਦੁੱਖ ਹੋਇਆ। ਉਨ੍ਹਾਂ ਦੀ ਮੌਤ ਨਾਲ ਪਾਰਟੀ ਅਤੇ ਸੰਗਠਨ ਲਈ ਬਹੁਤ ਵੱਡਾ ਝਟਕਾ ਹੈ। ਦੁੱਖ ਦੀ ਇਸ ਘੜੀ ਵਿੱਚ ਮੈਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪੈਰੋਕਾਰਾਂ ਨਾਲ ਹਮਦਰਦੀ ਰੱਖਦਾ ਹਾਂ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।