ਜਲੰਧਰ: ਸੂਬੇ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਏਡੀਸੀ ਡਿਵੈਲਪਮੈਂਟ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜਲੰਧਰ ਵਿੱਚ ਇਹ ਚੋਣਾਂ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਵਿੱਚ ਹੋਣੀਆਂ ਹਨ, ਜਿਨ੍ਹਾਂ ਲਈ 126 ਪੋਲਿੰਗ ਬੂਥ ਬਣਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਲਿੰਗ ਬੂਥਾਂ ਵਿੱਚੋਂ 6 ਅਤਿ-ਸੰਵੇਦਨਸ਼ੀਲ, 117 ਸੰਵੇਦਨਸ਼ੀਲ ਅਤੇ ਮਹਿਜ਼ 3 ਗ਼ੈਰ-ਸੰਵੇਦਨਸ਼ੀਲ ਬੂਥ ਹਨ। ਅਤਿ-ਸੰਵੇਦਨਸ਼ੀਲ ਬੂਥਾਂ ਵਿੱਚੋਂ ਦੋ ਪੋਲਿੰਗ ਬੂਥ ਆਦਮਪੁਰ ਅਤੇ ਚਾਰ ਪੋਲਿੰਗ ਬੂਥ ਫਿਲੌਰ ਨਗਰ ਕੌਂਸਲ ਵਿਖੇ ਬਣਾਏ ਗਏ ਹਨ, ਜਦਕਿ ਕਰਤਾਰਪੁਰ ਨਗਰ ਕੌਂਸਲ ਵਿੱਚ ਤਿੰਨ ਗ਼ੈਰ-ਸੰਵੇਦਨਸ਼ੀਲ ਬੂਥ ਮੌਜੂਦ ਹਨ।
ਜਲੰਧਰ ਪ੍ਰਸ਼ਾਸਨ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਪੂਰਨ ਤਿਆਰ ਇਸ ਵਾਰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਫਿਲੌਰ ਨਗਰ ਕੌਂਸਲ ਵਿਖੇ 15 ਸੀਟਾਂ 'ਤੇ ਚੋਣ ਹੋਣੀ ਹੈ ਜਿਥੇ 19497 ਵੋਟਰ, ਨੂਰਮਹਿਲ ਵਿਖੇ 11106 ਵੋਟਰ, ਨਕੋਦਰ ਵਿਖੇ 27383 ਵੋਟਰ, ਕਰਤਾਰਪੁਰ ਵਿਖੇ 19196 ਵੋਟਰ, ਅਲਾਵਲਪੁਰ ਵਿਖੇ 5556 ਵੋਟਰ ਅਤੇ ਆਦਮਪੁਰ ਨਗਰ ਕੌਂਸਲ ਵਿੱਚ 11410 ਵੋਟਰ, ਜੋ ਇੱਥੇ ਦੇ ਉਮੀਦਵਾਰਾਂ ਦਾ ਭਵਿੱਖ ਵੋਟਾਂ ਰਾਹੀਂ ਤੈਅ ਕਰਨਗੇ। ਇਸਤੋਂ ਇਲਾਵਾ ਨਗਰ ਪੰਚਾਇਤ ਮਹਿਤਪੁਰ ਵਿੱਚ 9221 ਵੋਟਰ ਅਤੇ ਨਗਰ ਪੰਚਾਇਤ ਲੋਹੀਆਂ ਵਿੱਚ 7800 ਵੋਟਰ ਮੌਜੂਦ ਹਨ।
ਏਡੀਸੀ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਨ੍ਹਾਂ ਚੋਣਾਂ ਨੂੰ ਸਹੀ ਢੰਗ ਨਾਲ ਮੁਕੰਮਲ ਕਰਵਾਉਣ ਲਈ 600 ਪੋਲਿੰਗ ਸਟਾਫ਼ ਦੀ ਡਿਊਟੀ ਲਗਾਈ ਗਈ ਹੈ। ਇਸ ਦੇ ਨਾਲ ਹੀ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ 200 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਪੋਲਿੰਗ ਬੂਥਾਂ 'ਤੇ ਲਗਾਈ ਗਈ ਹੈ ਜਦਕਿ ਬਾਕੀ ਪੁਲਿਸ ਮੁਲਾਜ਼ਮ ਬੂਥਾਂ ਤੋਂ ਬਾਹਰ ਵੱਖ-ਵੱਖ ਥਾਵਾਂ 'ਤੇ ਮੌਜੂਦ ਰਹਿਣਗੇ।