ਜਲੰਧਰ:ਭਾਰਤੀ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2023 ਵਿੱਚ ਸੋਨ ਤਮਗਾ ਜਿੱਤਿਆ ਹੈ। ਟੀਮ ਇੰਡੀਆ ਨੇ ਫਾਈਨਲ 'ਚ ਪਿਛਲੀ ਵਾਰ ਦੀ ਏਸ਼ੀਆਈ ਚੈਂਪੀਅਨ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਹਾਕੀ ਟੀਮ ਦੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਜਲੰਧਰ ਦੇ ਖਿਡਾਰੀ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਜਿਥੈ ਉਨ੍ਹਾਂ ਵਲੋਂ ਟੀਮ ਦੇ ਗੋਲਡ ਮੈਡਲ ਜਿੱਤਣ 'ਤੇ ਵਧਾਈ ਦਿੱਤੀ ਗਈ ਤਾਂ ਉਥੇ ਹੀ ਸਭ ਦਾ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਹੈ।(Asian Games) (Olympic Games)
ਓਲੰਪਿਕ ਖੇਡਾਂ 'ਚ ਸੋਨ ਤਗਮੇ ਦੀ ਆਸ: ਇਸ ਦੌਰਾਨ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਜਿਸ ਤਰ੍ਹਾਂ ਟੀਮ ਇੰਡੀਆ ਨੇ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਿਆ ਹੈ, ਉਸੇ ਤਰ੍ਹਾਂ ਉਹ ਇਹ ਵੀ ਚਾਹੁੰਦੀ ਹੈ ਕਿ ਟੀਮ ਓਲੰਪਿਕ ਖੇਡਾਂ 'ਚ ਵੀ ਸੋਨ ਤਮਗਾ ਜਿੱਤੇ। ਦੂਜੇ ਪਾਸੇ ਕਾਂਗਰਸੀ ਵਿਧਾਇਕ ਅਤੇ ਹਾਕੀ ਟੀਮ ਦੇ ਸਾਬਕਾ ਕੋਚ ਪ੍ਰਗਟ ਸਿੰਘ ਨੇ ਵੀ ਟੀਮ ਨੂੰ ਸੋਨ ਤਗਮਾ ਜਿੱਤਣ 'ਤੇ ਦਿਲੋਂ ਵਧਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਉੜੀਸਾ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ: ਇਸ ਗੋਲਡ ਮੈਡਲ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ 2024 ਵਿੱਚ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਮੈਚ ਦੀ ਗੱਲ ਕਰੀਏ ਤਾਂ ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਫਿਰ ਦੂਜੇ ਕੁਆਰਟਰ ਵਿੱਚ ਭਾਰਤ ਵੱਲੋਂ ਮੈਚ ਦਾ ਪਹਿਲਾ ਗੋਲ ਮੈਚ ਦੇ 25ਵੇਂ ਮਿੰਟ ਵਿੱਚ ਕੀਤਾ ਗਿਆ। ਮਨਦੀਪ ਸਿੰਘ ਨੇ ਇਹ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤਰ੍ਹਾਂ ਭਾਰਤੀ ਟੀਮ ਨੇ ਮੈਚ ਦੇ ਅੱਧੇ ਸਮੇਂ ਤੱਕ ਬੜ੍ਹਤ ਬਣਾ ਲਈ।