ਜਲੰਧਰ: ਆਮ ਤੌਰ 'ਤੇ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਹਰ ਰਾਜਨੀਤਕ ਪਾਰਟੀ ਅਤੇ ਪਾਰਟੀ ਦੇ ਉਮੀਦਵਾਰ ਕੋਲ ਇਨ੍ਹਾਂ ਚੋਣਾਂ ਵਿਚ ਖਰਚ ਕਰਨ ਲਈ ਕਰੋੜਾਂ ਰੁਪਏ ਦਾ ਬਜਟ ਹੁੰਦਾ ਹੈ। ਇਸ ਪੈਸੇ ਨੂੰ ਰਾਜਨੀਤਿਕ ਪਾਰਟੀਆਂ ਵੱਡੀਆਂ-ਵੱਡੀਆਂ ਰੈਲੀਜ਼ ਅਤੇ ਵੱਡੇ-ਵੱਡੇ ਸੈਲੀਬ੍ਰਿਟੀਜ਼ ਦੇ ਉੱਪਰ ਖ਼ਰਚ ਕਰਕੇ ਲੋਕਾਂ ਦੀ ਵੋਟ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ।
ਕਿਸ ਨੂੰ ਹੁੰਦਾ ਹੈ ਫਾਇਦਾ ਅਤੇ ਕਿਸ ਨੂੰ ਨੁਕਸਾਨ
ਚੋਣਾਂ ਵਿੱਚ ਹਮੇਸ਼ਾਂ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਅਤੇ ਉਹ ਉਮੀਦਵਾਰ ਜਿਨ੍ਹਾਂ ਕੋਲ ਕਰੋੜਾਂ ਰੁਪਏ ਦਾ ਬਜਟ ਹੁੰਦਾ ਹੈ ਆਪਣੇ ਪੈਸੇ ਦਾ ਫ਼ਾਇਦਾ ਉਠਾ ਕੇ ਆਪਣੇ ਪ੍ਰਚਾਰ ਵਿਚ ਕੋਈ ਕਮੀ ਨਹੀਂ ਛੱਡਦੇ। ਇਨ੍ਹਾਂ ਉਮੀਦਵਾਰਾਂ ਲਈ ਪਾਰਟੀਆਂ ਕਰੋੜਾਂ ਰੁਪਏ ਦਾ ਖਰਚ ਸਿਰਫ਼ ਇਸ ਕਰਕੇ ਕਰਦੀਆਂ ਹਨ ਤਾਂ ਕੀ ਇਹ ਉਮੀਦਵਾਰ ਅਸਾਨੀ ਨਾਲ ਆਮ ਲੋਕਾਂ ਵਿੱਚ ਆਪਣੀ ਪਹੁੰਚ ਬਣਾ ਸਕਣ। ਜਿਸ ਨਾਲ ਇਨ੍ਹਾਂ ਦਾ ਘਰ-ਘਰ ਜਾ ਕੇ ਲੋਕਾਂ ਨਾਲ ਡੋਰ ਟੂ ਡੋਰ ਪ੍ਰਚਾਰ ਕਰਨ ਦਾ ਕੰਮ ਘੱਟ ਹੋ ਜਾਵੇ।
ਪਰ ਉਧਰ ਦੂਸਰੇ ਪਾਸੇ ਇਸ ਦਾ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਉਮੀਦਵਾਰਾਂ ਨੂੰ ਹੁੰਦਾ ਹੈ ਜੋ ਕਿਸੇ ਪਾਰਟੀ ਵੱਲੋਂ ਜਾਂ ਆਜ਼ਾਦ ਖੜ੍ਹੇ ਤਾਂ ਹੋ ਜਾਂਦੇ ਨੇ ਪਰ ਉਨ੍ਹਾਂ ਕੋਲ ਖਰਚ ਕਰਨ ਲਈ ਇਨ੍ਹਾਂ ਜ਼ਿਆਦਾ ਪੈਸਾ ਨਹੀਂ ਹੁੰਦਾ। ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਡੋਰ ਟੂ ਡੋਰ ਪ੍ਰਚਾਰ ਕਰਨਾ ਪੈਂਦਾ ਹੈ। ਜਿਸ ਵਿੱਚ ਉਹ ਹਰ ਵੋਟਰ ਦੇ ਘਰ ਜਾਂ ਵੋਟਰ ਕੋਲ ਨਹੀਂ ਪਹੁੰਚ ਪਾਉਂਦੇ। ਚੋਣਾਂ ਵਿੱਚ ਖ਼ਾਸ ਤੌਰ ਤੇ ਇਹ ਗੱਲ ਆਮ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਪੈਸੇ ਵਾਲੇ ਅਤੇ ਗ਼ਰੀਬ ਉਮੀਦਵਾਰ ਵਿੱਚ ਇੱਕ ਵੱਡਾ ਫ਼ਰਕ ਪੈਦਾ ਹੋ ਜਾਂਦਾ ਹੈ ਜਿਸ ਨਾਲ ਚੋਣਾਂ ਵਿੱਚ ਬਰਾਬਰੀ ਦਾ ਮਾਹੌਲ ਨਹੀਂ ਬਣ ਪਾਉਂਦਾ।
ਇਸ ਵਾਰ ਦੀਆਂ ਚੋਣਾਂ ਵਿੱਚ ਕੋਰੋਨਾ ਕਰਕੇ ਸਭ ਬਰਾਬਰ
ਸਭ ਜਾਣਦੇ ਨੇ ਕਿ ਦੇਸ਼ ਵਿੱਚ ਪਿਛਲੇ ਕਰੀਬ 2 ਸਾਲ ਤੋਂ ਕੋਰੋਨਾ ਦਾ ਪ੍ਰਕੋਪ ਪੂਰੀ ਤਰ੍ਹਾਂ ਬਣਿਆ ਹੋਇਆ ਹੈ। ਹੁਣ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੋਰੋਨਾ ਪੂਰੀ ਤਰ੍ਹਾਂ ਆਪਣਾ ਅਸਰ ਦਿਖਾ ਰਿਹਾ ਹੈ। ਹਾਲਾਤ ਇਹ ਹੋ ਗਏ ਨੇ ਕਿ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਵਿੱਚ ਰੈਲੀਆਂ ਅਤੇ ਵੱਡੀਆਂ ਮੀਟਿੰਗਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਜਿਸ ਕਰਕੇ ਹੁਣ ਹਰ ਉਮੀਦਵਾਰ ਕੋਲ ਚਾਹੇ ਉਹ ਗ਼ਰੀਬ ਹੈ ਚਾਹੇ ਅਮੀਰ ਸਿਰਫ਼ ਡੋਰ ਟੂ ਡੋਰ ਪ੍ਰਚਾਰ ਕਰਨ ਦਾ ਹੀ ਮਾਧਿਅਮ ਰਹਿ ਜਾਂਦਾ ਹੈ। ਹਾਲਾਂਕਿ ਇਹ ਗੱਲ ਸਾਫ਼ ਹੈ ਕਿ ਵੱਡੀਆਂ ਪਾਰਟੀਆਂ ਦੇ ਕਰੋੜਪਤੀ ਉਮੀਦਵਾਰ ਜਿੱਥੇ ਇੱਕ ਪਾਸੇ ਖੁੱਲ੍ਹ ਕੇ ਆਪਣਾ ਚੋਣ ਪ੍ਰਚਾਰ ਨਹੀਂ ਕਰ ਪਾਉਂਦੇ, ਉੱਥੇ ਹੀ ਉਨ੍ਹਾਂ ਲਈ ਆਪਣੇ ਇਲਾਕੇ ਵਿੱਚ ਹਰ ਘਰ ਵਿੱਚ ਜਾ ਕੇ ਵੋਟ ਮੰਗਣਾ ਵੀ ਔਖਾ ਹੋ ਜਾਂਦਾ ਹੈ। ਕੋਰੋਨਾ ਕਰਕੇ ਬਣੇ ਇਨ੍ਹਾਂ ਹਾਲਾਤਾਂ ਨੇ ਘੱਟ ਤੋਂ ਘੱਟ ਹੁਣ ਹਰ ਉਮੀਦਵਾਰ ਨੂੰ ਚਾਹੇ ਉਹ ਗ਼ਰੀਬ ਹੈ ਚਾਹੇ ਅਮੀਰ ਇੱਕ ਰਾਹ ਤੇ ਲੈ ਆਂਦਾ ਹੈ।