ਜਲੰਧਰ: ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਿੱਥੇ ਕਈ ਕਿਸਾਨ ਉਹ ਸਾਹਮਣੇ ਆਉਂਦੇ ਹਨ ਜੋ ਪਰਾਲੀ ਨਾ ਸਾੜ ਕੇ, ਉਸ ਨਾਲ ਵਧੀਆ ਢੰਗ ਨਾਲ ਨਜਿੱਠ ਰਹੇ ਹਨ, ਉੱਥੇ ਹੀ ਕਈ ਕਿਸਾਨ ਰਵਾਇਤੀ ਸੋਚ ਨਹੀਂ ਛੱਡ ਰਹੇ। ਪਰ, ਜਲੰਧਰ ਦੇ ਪਿੰਡ ਲਾਂਬੜਾ ਵਿਖੇ ਐਸਐਚਓ ਪੁਸ਼ਪ ਬਾਲੀ ਆਪ ਪਿੰਡ ਦੇ ਲੋਕਾਂ ਅਤੇ ਪੰਚਾਇਤਾਂ ਵਿੱਚ ਜਾ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਣ ਲਈ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਹਨ।
ਪੁਸ਼ਪ ਬਾਲੀ ਜਲੰਧਰ ਦੇ ਥਾਣਾ ਲਾਂਬੜਾ ਦੇ ਐਸਐਚਓ ਹਨ। ਅੱਜ ਕੱਲ੍ਹ ਐਸਐਚਓ ਸਾਹਿਬ ਆਪਣੇ ਥਾਣੇ ਦੇ ਕੰਮਾਂ ਦੇ ਨਾਲ ਨਾਲ ਪਰਾਲੀ ਨਾ ਸਾੜਣ ਦਾ ਸੰਦੇਸ਼ ਕਾਗਜ਼ਾਂ ਉੱਤੇ ਛਪਵਾ ਕੇ ਆਪਣੇ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਵਿੱਚ ਇਸ ਸੰਦੇਸ਼ ਨੂੰ ਦਿੰਦੇ ਹੋਏ ਆਮ ਨਜ਼ਰ ਆਉਂਦੇ ਹਨ। ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਐਸਐਚਓ ਸਾਹਿਬ ਖੁਦ ਪਿੰਡ-ਪਿੰਡ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਦੇ ਰਹੇ ਹਨ।
ਆਪਣੇ ਇਲਾਕੇ ਦੇ ਇੱਕ ਪਿੰਡ ਵਿੱਚ ਆਪਣੀ ਗੱਡੀ ਵਿੱਚ ਬਿਨਾਂ ਕਿਸੇ ਪੁਲਿਸ ਮੁਲਾਜ਼ਮ ਦੇ ਇਕੱਲੇ ਹੀ ਉਹ ਇਸ ਪਿੰਡ ਵਿੱਚ ਪੁੱਜੇ ਅਤੇ ਆਪਣੇ ਛਪਵਾਏ ਹੋਏ ਕਾਗਜ਼ਾਂ ਨੂੰ ਨਾ ਸਿਰਫ਼ ਕਿਸਾਨਾਂ ਨੂੰ ਵੰਡ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੱਤਾ, ਇਸ ਦੇ ਨਾਲ ਹੀ ਖੇਤਾਂ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਇਨ੍ਹਾਂ ਗੱਲਾਂ ਨੂੰ ਸਮਝਾਇਆ।