ਜਲੰਧਰ: ਡੀਸੀ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਮੰਗ ਪੱਤਰ ਸੌਂਪਦੇ ਹੋਏ ਕਿਹਾ ਗਿਆ ਕਿ ਨੌਜਵਾਨਾਂ ਉੱਤੇ NSA ਲਗਾਉਣਾ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਾਜਾਇਜ਼ ਤਰੀਕੇ ਨਾਲ ਗ੍ਰਿਫ਼ਤਾਰ ਕਰਨਾ 1984 ਵਾਲੇ ਦਹਾਕੇ ਦੀ ਯਾਦ ਕਰਵਾਉਂਦਾ ਹੈ। ਇਸ ਮੌਕੇ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਵੱਲੋਂ 1894 ਨੂੰ ਦੋਹਰਾਇਆ ਗਿਆ। ਨਾਲ ਹੀ ਉਨ੍ਹਾਂ ਕਿਹਾ ਕਿ ਇੰਟਰਨੈੱਟ ਨੂੰ ਬੰਦ ਕਰਨਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਗੁੱਝੀ ਸਾਜ਼ਿਸ਼ ਸੀ।
ਬਦਨਾਮ ਕਰਕੇ ਗ੍ਰਿਫ਼ਤਾਰੀ:ਵਡਾਲਾ ਨੇ ਕਿਹਾ ਕਿ ਸਰਕਾਰ ਸਾਜ਼ਿਸ਼ ਤਹਿਤ ਸਿੱਖ ਨੌਜਵਾਨਾਂ ਉੱਤੇ ਪਰਚੇ ਕਰਕੇ ਉਨ੍ਹਾਂ ਨੂੰ ਬੇਮਤਲਬ ਬਦਨਾਮ ਕਰਕੇ ਗ੍ਰਿਫ਼ਤਾਰ ਕਰ ਰਹੀ ਹੈ। ਵਡਾਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਨੌਜਵਾਨਾਂ ਉੱਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗੰਭੀਰ ਕਾਰਵਾਈ ਕਰੀ ਜਾ ਰਹੀ ਹੈ ਅਤੇ ਇਸ ਐਕਟ ਵਿੱਚ ਫੜ੍ਹੇ ਜਾ ਰਹੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਪੰਜਾਬ ਸਰਕਾਰ ਸ਼ਰੇਆਮ ਖ਼ਿਲਵਾੜ ਕਰ ਰਹੀ ਹੈ। ਵਡਾਲਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦਾ ਮਾਹੌਲ ਖ਼ਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਪੰਜਾਬ ਦਾ ਮਾਹੌਲ ਆਉਣ ਵਾਲੇ ਸਮੇਂ ਵਿੱਚ ਖਰਾਬ ਹੋ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਵਡਾਲਾ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬੇਕਸੂਰ ਨੌਜਵਾਨਾਂ ਨੂੰ ਜਲਦ ਰਿਹਾਅ ਕੀਤਾ ਜਾਵੇ ਨਹੀਂ ਤਾਂ ਸ਼੍ਰੋਮਣੀ ਅਕਾਲੀ- ਦਲ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ।