ਜਲੰਧਰ: ਪਿਛਲੇ ਦੋ ਸਾਲ ਤੋਂ ਕੋਰੋਨਾ ਕਾਰਨ ਪੰਜਾਬ ਨੂੰ ਮੰਦੀ ਦੀ ਮਾਰ ਝੱਲਣੀ ਪਈ ਇਸ ਤੋਂ ਬਾਅਦ ਹੁਣ ਰੂਸ ਯੂਕਰੇਨ ਜੰਗ ਕਾਰਨ ਪੂਰੇ ਦੇਸ਼ ਅਤੇ ਪੰਜਾਬ ਨੂੰ ਮੰਦੀ ਦੀ ਮਾਰ ਝੱਲਣੀ ਪੈ ਸਕਦੀ ਹੈ। ਜੇਕਰ ਇਕੱਲੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਵੱਖ ਵੱਖ ਉਦਯੋਗ ਜਿੰਨ੍ਹਾਂ ਵਿੱਚ ਚਮੜਾ ਉਦਯੋਗ , ਖੇਡ ਉਦਯੋਗ , ਹੈਂਡ ਟੂਲ ਇੰਡਸਟਰੀ ਦੇ ਨਾਲ ਨਾਲ ਹੋਰ ਕਰੀਬ ਅੱਠ ਹਜ਼ਾਰ ਛੋਟੀਆਂ ਮੋਟੀਆਂ ਉਦਯੋਗਿਕ ਇਕਾਈਆਂ ਹਨ।
ਇੰਨ੍ਹਾਂ ਉਦਯੋਗਿਕ ਇਕਾਈਆਂ ਕਰਕੇ ਜਲੰਧਰ ਵਿੱਚ ਹਜ਼ਾਰਾਂ ਲੋਕਾਂ ਦੇ ਪਰਿਵਾਰ ਗੁਜਾਰਾ ਕਰਦੇ ਹਨ। ਪਰ ਪਿਛਲੇ ਦੋ ਸਾਲ ਤੋਂ ਕੋਰੋਨਾ ਕਰਕੇ ਉਦਯੋਗ ਕਾਫੀ ਪਿਛੜ ਗਏ ਸਨ ਹੁਣ ਜਦੋਂ ਇਹ ਉਦਯੋਗ ਲੀਹ ’ਤੇ ਆਉਣ ਲੱਗੇ ਨੇ ਤਾਂ ਇੱਕ ਵਾਰ ਫੇਰ ਰੂਸ ਅਤੇ ਯੂਕਰੇਨ ਦੀ ਲੜਾਈ ਦਾ ਇੰਨ੍ਹਾਂ ਤੇ’ ਸਿੱਧਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ।
ਜਲੰਧਰ ਵਿੱਚ ਹਰ ਉਹ ਉਦਯੋਗ ਜਿਸ ਵਿੱਚ ਕੈਮੀਕਲ , ਵਿਦੇਸ਼ਾਂ ਤੋਂ ਆਉਣ ਵਾਲਾ ਕੱਚਾ ਮਾਲ ਅਤੇ ਟਰਾਂਸਪੋਰਟ ਲਈ ਤੇਲ ਦਾ ਇਸਤੇਮਾਲ ਹੁੰਦਾ ਹੈ। ਇਹ ਸਾਰੇ ਉਦਯੋਗ ਹੁਣ ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਬੰਦ ਹੋਣ ਦੀ ਕਾਗਾਰ ਤੇ ਆ ਗਏ ਹਨ। ਖਾਸ ਕਰਕੇ ਰੂਸ ਅਤੇ ਯੂਕਰੇਨ ਵਿੱਚ ਲੱਗੀ ਜੰਗ ਤੋਂ ਬਾਅਦ ਉੱਥੋਂ ਆਉਣ ਵਾਲਾ ਕੱਚਾ ਮਾਲ ਜਾਂ ਫਿਰ ਇੱਥੋਂ ਤਿਆਰ ਹੋ ਕੇ ਉੱਥੇ ਨਿਰਯਾਤ ਕਰਨ ਵਾਲਾ ਸਾਮਾਨ। ਇੰਨ੍ਹਾਂ ਦੋਨਾਂ ਚੀਜ਼ਾਂ ਵਿੱਚ ਵਪਾਰ ਕਈ ਗੁਣਾ ਘਟ ਗਿਆ ਹੈ। ਇੱਕ ਪਾਸੇ ਲੜਾਈ ਕਰਕੇ ਯੂਕਰੇਨ ਅਤੇ ਰੂਸ ਤੋਂ ਕੱਚੇ ਮਾਲ ਅਤੇ ਹੋਰ ਉਦਯੋਗਾਂ ਲਈ ਲੋੜੀਂਦੇ ਸਾਮਾਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਦੂਸਰੇ ਪਾਸੇ ਜੋ ਸਾਮਾਨ ਇੱਥੋਂ ਤਿਆਰ ਹੋ ਕੇ ਇੰਨ੍ਹਾਂ ਦੇਸ਼ਾਂ ਵਿਚ ਜਾਂਦਾ ਹੈ ਉਸ ਦੀ ਮੰਗ ’ਤੇ ਵੀ ਬਹੁਤ ਫਰਕ ਪੈ ਗਿਆ ਹੈ।