ਜਲੰਧਰ: ਜੇਕਰ ਪੰਜ ਦਸੰਬਰ ਤੱਕ ਕੇਂਦਰ ਸਰਕਾਰ ਨੇ ਲਾਗੂ ਕੀਤੇ ਕਾਲੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਪਦਮਸ੍ਰੀ ਅਤੇ ਅਰਜੁਨ ਐਵਾਰਡ ਸਮੇਤ ਹੋਰ ਐਵਾਰਡ ਪ੍ਰਾਪਤ ਪੰਜਾਬ ਦੇ ਸਾਰੇ ਖਿਡਾਰੀ ਕੇਂਦਰ ਨੂੰ ਆਪਣੇ-ਆਪਣੇ ਤਮਗ਼ੇ ਰੋਸ ਵੱਜੋਂ ਵਾਪਸ ਕਰ ਦੇਣਗੇ। ਇਹ ਐਲਾਨ ਇਥੇ ਪ੍ਰੈਸ ਕਲੱਬ ਵਿੱਚ ਵੱਖ-ਵੱਖ ਖੇਡ ਐਸੋਸੀਏਸ਼ਨ ਦੇ ਆਗੂਆਂ ਨੇ ਕੀਤਾ।
'ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਕੇਂਦਰ ਨੂੰ ਪੰਜਾਬ ਦੇ ਸਾਰੇ ਪਦਮਸ੍ਰੀ ਤੇ ਅਰਜੁਨ ਐਵਾਰਡ ਕਰਾਂਗੇ ਵਾਪਸ' ਸੋਮਵਾਰ ਇਥੇ ਕਾਨਫ਼ਰੰਸ ਦੌਰਾਨ ਦੇਸ਼ ਦੇ ਜਾਣੇ-ਮਾਣੇ ਸਪੋਰਟਸਮੈਨ ਅਤੇ ਵਿਭਿੰਨ ਮੈਡਲ ਐਵਾਰਡਾਂ ਨਾਲ ਸਨਮਾਨਿਤ ਕਰਤਾਰ ਸਿੰਘ ਪਦਮਸ੍ਰੀ ਪਹਿਲਵਾਨ, ਰਜਿੰਦਰ ਸਿੰਘ ਜੁਆਇੰਟ ਸੈਕਟਰੀ ਕ੍ਰਿਕਟ ਐਸੋਸੀਏਸ਼ਨ, ਕ੍ਰਿਕਟਰ ਗੁਰਮੇਲ ਸਿੰਘ ਅੱਸੀ ਓਲੰਪੀਅਨ ਗੋਲਡ ਮੈਡਲਿਸਟ ਕੋਚ ਅਰਜੁਨ ਐਵਾਰਡੀ, ਰਾਜਬੀਰ ਕੌਰ ਗੋਲਡਨ ਗਰਲ ਅਤੇ ਹਾਕੀ ਦੇ ਓਲੰਪੀਅਨ ਸੱਜੇ ਚੀਮਾ ਅਰਜੁਨ ਐਵਾਰਡੀ ਨੇ ਕਿਸਾਨਾਂ ਨਾਲ ਖੜੇ ਹੋਣ ਦਾ ਅਹਿਦ ਕੀਤਾ ਹੈ।
ਗੱਲਬਾਤ ਦੌਰਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਤਿੰਨ ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਇਹ ਜੋ ਖੇਤੀ ਵਿਰੋਧੀ ਹਨ, ਪਰੰਤੂ ਕੇਂਦਰ ਸਰਕਾਰ ਵੱਲੋਂ ਦੋ ਵਾਰ ਕਿਸਾਨਾਂ ਨੂੰ ਸੱਦਾ ਦੇ ਕੇ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਰੋਸ ਵੱਜੋਂ ਹੁਣ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਸੰਘਰਸ਼ ਕਰਦਿਆਂ ਦਿੱਲੀ ਵਿਖੇ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਕੇਂਦਰ ਕਿਸਾਨਾਂ ਦੀ ਇੱਕ ਨਹੀਂ ਸੁਣ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਵੀ ਕਿਸਾਨਾਂ ਦੇ ਪੁੱਤਰ ਹਨ ਅਤੇ ਉਹ ਹਰ ਹਾਲਤ ਵਿੱਚ ਕਿਸਾਨਾਂ ਦੇ ਨਾਲ ਹਰ ਮੁਸ਼ਕਿਲ ਵਿੱਚ ਖੜੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਕਿਸਾਨ ਮਾਰੂ ਖੇਤੀ ਕਾਨੂੰਨ ਵਾਪਿਸ ਨਾ ਲਏ ਤਾਂ ਆਉਣ ਵਾਲੀ 5 ਦਸੰਬਰ ਨੂੰ ਉਹ ਆਪਣੇ ਐਵਾਰਡ ਤੇ ਮੈਡਲ ਸਰਕਾਰ ਨੂੰ ਵਾਪਿਸ ਕਰ ਦੇਣਗੇ।