ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਉਹ ਨਗਰੀ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਇੱਕ ਲੰਮਾ ਸਮਾਂ ਬਿਤਾਇਆ। ਬੀਬੀ ਨਾਨਕੀ ਅਤੇ ਭਾਈਆ ਜੈਰਾਮ ਕੋਲ ਰਹਿੰਦੇ ਹੋਏ ਉਨ੍ਹਾਂ ਨੇ ਮੋਦੀਖਾਨੇ ਵਿਚ ਨੌਕਰੀ ਕੀਤੀ। ਇੱਥੇ ਹੀ ਉਨ੍ਹਾਂ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਜੋ ਕਿ ਬਟਾਲੇ ਦੇ ਰਹਿਣ ਵਾਲੇ ਸਨ। ਇੱਥੇ ਹੀ ਬਾਬਾ ਸ੍ਰੀਚੰਦ ਅਤੇ ਬਾਬਾ ਲਖਮੀ ਦਾਸ ਦਾ ਜਨਮ ਹੋਇਆ। History of the ornate Gurudwara Sant Ghat. History of the beautiful Gurdwara Sant Ghat
ਸ੍ਰੀ ਗੁਰੂ ਨਾਨਕ ਦੇ ਜੀਵਨ ਨਾਲ ਜੁੜਿਆ ਹੈ ਗੁਰਦੁਆਰਾ ਸੰਤ ਘਾਟ: ਇਤਿਹਾਸਕਾਰ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਰੋਜ਼ ਵੇਈ ਵਿਖੇ ਇਸ਼ਨਾਨ ਕਰਨ ਜਾਂਦੇ ਸੀ। ਇੱਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਨਦੀਂ ਵਿਚ ਚੁੱਭੀ ਮਾਰੀ ਤਾਂ ਤਿੰਨ ਦਿਨ ਤੱਕ ਉਹ ਬੇਈ ਵਿੱਚੋਂ ਬਾਹਰ ਨਹੀਂ ਨਿਕਲੇ। ਤਿੰਨ ਦਿਨ੍ਹਾਂ ਬਾਅਦ ਜਿਸ ਸਥਾਨ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਵੇਈ ਤੋਂ ਬਾਹਰ ਨਿਕਲੇ ਉਸ ਸਥਾਨ ਉਪਰ ਅੱਜ ਗੁਰਦੁਆਰਾ ਸੰਤ ਘਾਟ ਸੁਸ਼ੋਭਿਤ ਹੈ।
ਗੁਰਦੁਆਰਾ ਸੰਤ ਘਾਟ ਉਹੀ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਬਾਣੀ ਮੂਲ ਮੰਤਰ "ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ" ਦਾ ਜਾਪ ਕੀਤਾ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਵੀ ਇਸੇ ਸਥਾਨ ਤੋਂ ਹੋਈ। ਇਹ ਅਸਥਾਨ ਸਿੱਖਾਂ ਲਈ ਇਕ ਪਵਿੱਤਰ ਸਥਾਨ ਹੈ ਕਿਉਂਕਿ ਇਸੇ ਸਥਾਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਲਈ ਚਾਲੇ ਪਾਏ। ਇਸੇ ਅਸਥਾਨ ਉੱਪਰ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਰੱਬੀ ਬਾਣੀ ਨਾਲ ਜੋੜਿਆ।