ਜਲੰਧਰ: ਪੰਜਾਬ ਵਿੱਚ ਭਿੰਡਰਾਂਵਾਲੇ ਦੇ ਮੁੱਦੇ ਉੱਤੇ ਭਾਜਪਾ ਪੰਜਾਬ ਵਿੱਚ 2 ਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ, ਇਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਹਿੰਦੂ ਆਗੂ ਭਿੰਡਰਾਂਵਾਲੇ ਨੂੰ ਅੱਤਵਾਦੀ ਦੱਸ ਰਹੇ ਹਨ। ਉਸ ਦੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਸਿੱਖ ਲੀਡਰਸ਼ਿਪ ਭਿੰਡਰਾਂਵਾਲੇ ਨੂੰ ਸੰਤ ਦੀ ਥਾਂ ਦਿੰਦੀ ਹੋਈ, ਉਨ੍ਹਾਂ ਦੀ ਵਕਾਲਤ ਕਰਦੀ ਹੋਈ ਨਜ਼ਰ ਆ ਰਹੀ ਹੈ।
ਪਹਿਲੇ ਕਿਸਾਨੀ ਅੰਦੋਲਨ ਕਰਕੇ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡਿਆ, ਹੁਣ ਭਿੰਡਰਾਂਵਾਲਾ ਕਰਕੇ ਭਾਜਪਾ ਵਿੱਚ ਹੀ ਹਿੰਦੂ ਸਿੱਖ ਆਗੂ ਆਹਮਣੇ ਸਾਹਮਣੇ :-ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਕਿਸਾਨ ਅੰਦੋਲਨ ਦੇ ਦੌਰਾਨ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦਾ ਇਹ ਕਹਿੰਦੇ ਹੋਏ ਸਾਥ ਛੱਡ ਦਿੱਤਾ ਸੀ ਕਿ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹੈ। ਇਸ ਤੋਂ ਬਾਅਦ ਜਿੱਥੇ ਇੱਕ ਪਾਸੇ ਅਕਾਲੀ ਦਲ ਦੇ ਬਹੁਜਨ ਸਮਾਜ ਪਾਰਟੀ ਦਾ ਸਾਥ ਲੈ ਕੇ ਵਿਧਾਨ ਸਭਾ ਚੋਣਾਂ ਲੜੀਆਂ।
ਉੱਥੇ ਬੀਜੇਪੀ ਕੋਲ ਸਿੱਖ ਚਿਹਰੇ ਦੀ ਕਮੀ ਸੀ, ਉਨ੍ਹਾਂ ਲਈ ਉਹ ਚਿਹਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਇਹ ਚੋਣਾਂ ਲੜਨ ਦਾ ਫ਼ੈਸਲਾ ਲਿਆ ਗਿਆ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਰਲ ਕੇ ਇਹ ਚੋਣਾਂ ਲੜੀਆਂ ਗਈਆਂ, ਪਰ ਜ਼ਾਹਿਰ ਹੈ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਲਈ ਇਕ ਵੱਡਾ ਸਿੱਖ ਚਿਹਰਾ ਸੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲੋਂ ਜਦੋਂ ਅਕਾਲੀ ਦਲ ਅਲੱਗ ਹੋਇਆ ਤਾਂ ਪਾਰਟੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਸਿੱਖ ਵੋਟ ਦਾ ਹੋਇਆ ਸੀ।
ਭਾਰਤੀ ਜਨਤਾ ਪਾਰਟੀ ਵਿੱਚ ਦੂਸਰੀਆਂ ਪਾਰਟੀਆਂ ਦੇ ਕਈ ਸਿੱਖ ਚਿਹਰੇ ਹੋਏ ਸ਼ਾਮਲ :-ਪੰਜਾਬ ਦੀਆਂ ਚੋਣਾਂ ਦੌਰਾਨ ਹਰ ਵਾਰੀ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਜਾਣਾ ਵਿਧਾਇਕਾਂ ਵੱਲੋਂ ਆਮ ਗੱਲ ਰਹੀ ਹੈ। ਕੁਝ ਏਦਾਂ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਹੋਇਆ ਜਦੋ ਅਕਾਲੀ ਦਲ ਤੇ ਹੋਰ ਪਾਰਟੀਆਂ ਦੇ ਕਈ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ, ਭਾਜਪਾ ਨੂੰ ਉਸ ਵੇਲੇ ਇਸ ਗੱਲ ਦੀ ਖੁਸ਼ੀ ਸੀ ਕਿ ਭਾਜਪਾ ਵਿੱਚ ਉਹ ਚੋਣਾਂ ਤੋਂ ਪਹਿਲਾ ਜੋ ਵੱਡੇ ਸਿੱਖ ਚਿਹਰੇ ਸ਼ਾਮਲ ਹੋਏ ਹਨ, ਉਨ੍ਹਾਂ ਨਾਲ ਸਿੱਖ ਵੋਟ ਖਿੱਚਣ ਵਿੱਚ ਭਾਜਪਾ ਕਾਮਯਾਬ ਹੋ ਜਾਵੇਗੀ।
ਕਿਸਾਨੀ ਅੰਦੋਲਨ ਤੋਂ ਬਾਅਦ ਹੁਣ ਭਿੰਡਰਾਂਵਾਲਾ ਮਾਮਲੇ ਵਿੱਚ ਭਾਜਪਾ ਅੰਦਰੋਂ ਹੋਈ 2 ਫਾੜ :-ਹੁਣ ਜਦੋ ਭਿੰਡਰਾਂਵਾਲੇ ਦੀਆਂ ਫੋਟੋਆਂ ਸਰਕਾਰੀ ਬੱਸਾਂ 'ਤੇ ਲੱਗਣ ਦੀ ਗੱਲ ਇਕ ਵੱਡਾ ਮੁੱਦਾ ਬਣੀ ਤਾਂ ਭਾਜਪਾ ਦੇ ਹਿੰਦੂ ਵਿਧਾਇਕ ਇਹ ਕਹਿੰਦੇ ਹੋਏ ਨਜ਼ਰ ਆਏ, ਭਿੰਡਰਾਂਵਾਲੇ ਦੀਆਂ ਫੋਟੋਆਂ ਸਰਕਾਰੀ ਬੱਸਾਂ 'ਤੇ ਲੱਗਣੀਆਂ ਨਹੀਂ ਚਾਹੀਦੀਆਂ, ਕਿਉਂਕਿ ਉਹ ਇੱਕ ਅੱਤਵਾਦੀ ਸੀ।
ਇਸ ਮਾਮਲੇ ਵਿੱਚ ਭਾਜਪਾ ਦੇ ਹਿੰਦੂਤਵ ਦੇ ਏਜੰਡੇ ਦੇ ਚੱਲਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ ਬੱਸਾਂ ਤੋਂ ਅੱਤਵਾਦੀਆਂ ਦੀਆਂ ਫੋਟੋਆਂ ਹਟਾਉਣ ਦਾ ਫ਼ੈਸਲਾ ਵਾਪਸ ਨਹੀਂ ਲੈਣਾ ਚਾਹੀਦਾ ਸੀ, ਜਿਸ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਦੇ ਸਿੱਖ ਆਗੂ ਇਸ ਗੱਲ ਤੋਂ ਨਾਰਾਜ਼ ਨਜ਼ਰ ਆ ਰਹੇ ਹਨ।
ਭਾਜਪਾ ਦੇ ਸਿੱਖ ਆਗੂ ਪ੍ਰੋ ਸਰਚੰਦ ਸਿੰਘ ਖਿਆਲੀ ਨੇ ਆਪਣੀ ਪ੍ਰਤੀਕਿਰਆ ਦਿੱਤੀ :-ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਵੱਲੋਂ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਜਿਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਕੇ 2022 ਦੀਆਂ ਚੋਣਾਂ ਤੋਂ ਪਹਿਲਾ ਭਾਜਪਾ ਵਿੱਚ ਸ਼ਾਮਲ ਹੋਏ ਸਨ ਨੇ ਕੜੀ ਪ੍ਰਤੀਕਿਰਿਆ ਦਿੱਤੀ। ਪ੍ਰੋ ਸਰਚੰਦ ਖਿਆਲੀ ਨੇ ਕਿਹਾ ਕਿ ਉਹ ਸਾਰੀਆਂ ਸ਼ਖ਼ਸੀਅਤਾਂ ਜੋ ਪ੍ਰਵਾਨਿਤ ਨੇ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਮਿਲੀ ਹੋਈ ਹੈ, ਉਨ੍ਹਾਂ ਬਾਰੇ ਕਿਸੇ ਵੱਲੋਂ ਵੀ ਗ਼ਲਤ ਟਿੱਪਣੀ ਕਰਨਾ ਜਾਂ ਖ਼ਾਸ ਤੌਰ 'ਤੇ ਅੱਤਵਾਦੀ ਕਹਿਣਾ ਬਿਲਕੁਲ ਗਲਤ ਹੈ।
ਉਨ੍ਹਾਂ ਕਿਹਾ ਕਿ ਉਹ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ ਤੇ ਸਿੱਖ ਭਾਈਚਾਰੇ ਦੇ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਆਪਣੇ ਜਜ਼ਬਾਤ ਹਨ, ਉਨ੍ਹਾਂ ਕਿਹਾ ਕਿ ਬੀਜੇਪੀ ਦੇ ਜੋ ਆਗੂ ਇਸ ਤਰ੍ਹਾਂ ਦੇ ਬਿਆਨ ਦਿੰਦੇ ਹਨ, ਉਨ੍ਹਾਂ ਨੂੰ ਆਪਣੀਆਂ ਪਾਲਿਸੀਆਂ ਬਾਰੇ ਵੀ ਸਹੀ ਗਿਆਨ ਨਹੀਂ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਨੂਪੁਰ ਸ਼ਰਮਾ ਨੇ ਜਦੋਂ ਹਜ਼ਰਤ ਮੁਹੰਮਦ ਬਾਰੇ ਕੋਈ ਟਿੱਪਣੀ ਕੀਤੀ ਸੀ ਤਾਂ ਭਾਰਤੀ ਜਨਤਾ ਪਾਰਟੀ ਨੇ ਖੁਦ ਕਿਹਾ ਸੀ ਕਿ ਉਹ ਇਸ ਤਰ੍ਹਾਂ ਦੀ ਕੋਈ ਵੀ ਟਿੱਪਣੀ ਬਰਦਾਸ਼ਤ ਨਹੀਂ ਕਰੇਗੀ ਤਾਂ ਸੰਤ ਭਿੰਡਰਾਂਵਾਲੇ ਵੀ ਅਜਿਹੀ ਹੀ ਕੈਟਾਗਰੀ ਵਿੱਚ ਆਉਂਦੇ ਹਨ ਤੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਇਸ ਗੱਲ ਤੋਂ ਜ਼ਾਹਿਰ ਹੈ ਇਕ ਪਾਸੇ ਭਾਰਤੀ ਜਨਤਾ ਪਾਰਟੀ ਵਿੱਚ ਕੱਟੜ ਹਿੰਦੂਤਵ ਦੀ ਮਾਨਸਿਕਤਾ ਰੱਖਣ ਵਾਲੇ ਆਗੂਆਂ ਦੇ ਨਾਲ-ਨਾਲ ਹੁਣ ਅਕਾਲੀ ਦਲ ਤੋਂ ਆਈ ਕੁਝ ਐਸੀ ਲੀਡਰਸ਼ਿਪ ਵੀ ਸ਼ਾਮਲ ਹੈ। ਜਿਨ੍ਹਾਂ ਵਿੱਚੋਂ ਮਨਜਿੰਦਰ ਸਿੰਘ ਸਿਰਸਾ ਜੋ ਅਕਾਲੀ ਦਲ ਨਾਲ ਸਬੰਧਿਤ ਰਹੇ ਨੇ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ।
ਇਸ ਤੋਂ ਇਲਾਵਾ ਖ਼ੁਦ ਸਰਚੰਦ ਸਿੰਘ ਖਿਆਲੀ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਆਗੂ ਰਹਿ ਚੁੱਕੇ ਹਨ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਸਰਚੰਦ ਸਿੰਘ ਖਿਆਲੀ ਦਮਦਮੀ ਟਕਸਾਲ ਦੇ ਬੁਲਾਰੇ ਵੀ ਰਹੇ ਹਨ ਜ਼ਾਹਿਰ ਹੈ ਕਿ ਇਸ ਦੌਰਾਨ ਆਉਣ ਵਾਲੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਇਨ੍ਹਾਂ ਕੱਟੜ ਸਿੱਖ ਆਗੂਆਂ ਤੇ ਸਿੱਖੀ ਸੋਚ ਨਾਲ ਜੁੜੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਨਹੀਂ ਤਾਂ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦੌਰਾਨ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੋਏ ਸੀ ,ਉਸੇ ਤਰ੍ਹਾਂ ਪੰਜਾਬ ਵਿੱਚ ਕੱਟੜ ਸਿੱਖਾਂ ਦੀ ਸੋਚ ਕਿਤੇ ਫੇਰ ਭਾਜਪਾ ਨੂੰ ਇਕ ਵੱਡੀ ਵੋਟ ਤੋਂ ਅਲੱਗ ਨਾ ਕਰ ਦੇਵੇ।
ਇਹ ਵੀ ਪੜੋ:-ਬੰਦੀ ਸਿੰਘਾਂ ਦੀ ਰਿਹਾਈ ਮਾਮਲਾ: ਸ਼੍ਰੋਮਣੀ ਅਕਾਲੀ ਦਲ ਦਾ ਜੰਤਰ ਮੰਤਰ ’ਚ ਧਰਨਾ ਪ੍ਰਦਰਸ਼ਨ