ਜਲੰਧਰ: ਪੂਰੇ ਪੰਜਾਬ ਵਿੱਚ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਲਈ ਲਗਾਤਾਰ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇਨ੍ਹਾਂ ਟੈਸਟਾਂ ਵਿੱਚੋਂ ਜੇ ਕੋਈ ਪੌਜ਼ੀਟਿਵ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਸਿਹਤ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।
ਉੱਥੇ ਹੀ ਸਿਹਤ ਵਿਭਾਗ ਵੱਲੋਂ ਟੈਸਟ ਤਾਂ ਲਏ ਜਾ ਰਹੇ ਹਨ ਪਰ ਲੰਮਾ ਸਮਾਂ ਰਿਪੋਰਟਾਂ ਨਾ ਆਉਣ ਕਾਰਨ ਸਿਹਤ ਵਿਭਾਗ 'ਤੇ ਸਵਾਲ ਵੀ ਚੁੱਕੇ ਜਾ ਰਹੇ ਹਨ। ਪੂਰੇ ਪੰਜਾਬ ਦੇ ਵਿੱਚ 5 ਹਜ਼ਾਰ ਤੋਂ ਵੱਧ ਰਿਪੋਰਟਾਂ ਹਾਲੇ ਪੈਂਡਿੰਗ ਪਈਆਂ ਹਨ ਅਤੇ ਇਕੱਲੇ ਜਲੰਧਰ ਵਿੱਚ ਇੱਕ ਹਜ਼ਾਰ ਤੋਂ ਉੱਪਰ ਟੈਸਟ ਰਿਪੋਰਟਾਂ ਹਾਲੇ ਪੈਂਡਿੰਗ ਹਨ। ਜਿਸ ਕਾਰਨ ਜਲੰਧਰ ਦੇ ਸਿਹਤ ਵਿਭਾਗ ਉੱਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।
ਉੱਥੇ ਹੀ ਇਹ ਭਰਮ ਵੀ ਫੈਲਿਆ ਹੋਇਆ ਹੈ ਕਿ ਜਲੰਧਰ ਵਿੱਚ ਇੱਕ ਵਾਰ ਟੈਸਟ ਲੈਣ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਟੈਸਟ ਲਈ ਕਿਉਂ ਬੁਲਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਕੀਤੇ ਗਏ ਟੈਸਟਾਂ ਦੀ ਰਿਪੋਰਟ ਹੁਣ ਤੱਕ ਨਾ ਆਉਣ 'ਤੇ ਵੀ ਜਲੰਧਰ ਦੇ ਸਿਹਤ ਮਹਿਕਮੇ 'ਤੇ ਸਵਾਲ ਚੁੱਕੇ ਜਾ ਰਹੇ ਹਨ।