ਪੰਜਾਬ

punjab

ETV Bharat / state

ਪੰਜਾਬ 'ਚ BSF ਦੀ ਸਖ਼ਤੀ ਤੋਂ ਬਾਅਦ ਨਸ਼ਾ ਕਾਰੋਬਾਰ ਦਾ ਗੇਟਵੇਅ ਬਣਿਆ ਗੁਜਰਾਤ

ਪੰਜਾਬ ਨਾਲ ਲੱਗਦੇ ਸਰਹੱਦਾਂ 'ਤੇ ਬੀਐਸਐਫ ਵਲੋਂ ਮੁਸਤੈਦੀ ਵਰਤੀ ਜਾ ਰਹੀ ਹੈ। ਜਿਸ ਕਾਰਨ ਕੁਝ ਹੱਦ ਤੱਕ ਨਸ਼ੇ ਦੇ ਕਾਰੋਬਾਰ 'ਤੇ ਠੱਲ ਪਈ ਹੈ। ਇਸ ਦੇ ਨਾਲ ਹੀ ਹੁਣ ਤਸਕਰਾਂ ਵਲੋਂ ਨਸ਼ੇ ਦੀ ਤਸਕਰੀ ਲਈ ਗੁਜਰਾਤ ਦੇ ਸਮੁੰਦਰੀ ਰਸਤੇ ਦੀ ਜਿਆਦਾ ਵਰਤੋਂ ਕੀਤੀ ਜਾ ਰਹੀ ਹੈ।

ਪੰਜਾਬ 'ਚ BSF ਦੀ ਸਖ਼ਤੀ ਤੋਂ ਬਾਅਦ ਨਸ਼ਾ ਕਾਰੋਬਾਰ ਦਾ ਗੇਟਵੇਅ ਬਣਿਆ ਗੁਜਰਾਤ
ਪੰਜਾਬ 'ਚ BSF ਦੀ ਸਖ਼ਤੀ ਤੋਂ ਬਾਅਦ ਨਸ਼ਾ ਕਾਰੋਬਾਰ ਦਾ ਗੇਟਵੇਅ ਬਣਿਆ ਗੁਜਰਾਤ

By

Published : Jul 15, 2022, 5:24 PM IST

ਜਲੰਧਰ: ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਦੇਸ਼ ਵਿੱਚ ਜੇ ਪਾਕਿਸਤਾਨ ਵੱਲੋਂ ਨਸ਼ਾ ਆਉਂਦਾ ਹੈ ਤਾਂ ਉਸ ਦਾ ਮੁੱਖ ਰਸਤਾ ਪੰਜਾਬ ਹੈ। ਫਿਰ ਇਸ ਨਸ਼ੇ ਨੂੰ ਪੰਜਾਬ ਵਿੱਚ ਪਹੁੰਚਾਉਣ ਦਾ ਜ਼ਰੀਆ ਜੋ ਮਰਜ਼ੀ ਰਿਹਾ ਹੋਵੇ। ਪੰਜਾਬ ਅੰਦਰ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ ਅਤੇ ਇਨ੍ਹਾਂ ਡਰੋਨ ਦੇ ਜ਼ਰੀਏ ਪੰਜਾਬ ਵਿੱਚ ਪਹੁੰਚਣ ਵਾਲਾ ਨਸ਼ਾ ਅਤੇ ਹਥਿਆਰ ਇੱਕ ਬਹੁਤ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ। ਅੱਜ ਜੇਕਰ ਪਾਕਿਸਤਾਨ ਤੋਂ ਭਾਰਤ ਵਿੱਚ ਆਉਣ ਵਾਲੇ ਨਸ਼ੇ ਦੀ ਗੱਲ ਕਰੀਏ ਤਾਂ ਉਸ ਵਿੱਚ ਹੁਣ ਗੁਜਰਾਤ ਹੌਲੀ-ਹੌਲੀ ਇਸ ਕਾਰੋਬਾਰ ਦਾ ਗੇਟਵੇਅ ਬਣਦਾ ਜਾ ਰਿਹਾ ਹੈ।

ਪੰਜਾਬ ਨਾਲੋਂ ਵੱਧ ਗੁਜਰਾਤ ਦੇ ਸਮੁੰਦਰ ਰਾਹੀ ਤਸਕਰੀ: ਇਕ ਸਮਾਂ ਸੀ ਜਦੋਂ ਪੰਜਾਬ ਨੂੰ ਉੜਦਾ ਪੰਜਾਬ ਕਿਹਾ ਜਾਂਦਾ ਸੀ। ਚਾਹੇ ਉਸ ਦੇ ਵਿਚ ਪੰਜਾਬ ਦੇ ਲੋਕਾਂ ਵੱਲੋਂ ਨਸ਼ਾ ਕਰਨ ਦੀ ਗੱਲ ਹੋਵੇ ਜਾਂ ਫਿਰ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਦੀ ਗੱਲ ਹੋਵੇ। ਪੰਜਾਬ ਨੂੰ ਹਰ ਵਾਰ ਇਸ ਨਸ਼ੇ ਦੀ ਤਸਕਰੀ ਦਾ ਮੁੱਖ ਰਸਤਾ ਮੰਨਿਆ ਜਾਂਦਾ ਸੀ। ਇੱਥੇ ਤੱਕ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਬਾਰਡਰ 'ਤੇ ਤਾਇਨਾਤ ਬੀ.ਐੱਸ.ਐੱਫ ਉੱਪਰ ਵੀ ਬਹੁਤ ਸਾਰੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਜਾਂਦੇ ਸੀ। ਅਜਿਹਾ ਨਹੀਂ ਹੈ ਕਿ ਅੱਜ ਪੰਜਾਬ ਅੰਦਰ ਪਾਕਿਸਤਾਨ ਤੋਂ ਇਹ ਨਸ਼ੇ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ। ਕੁਝ ਕੁਝ ਸਮੇਂ ਬਾਅਦ ਅਜਿਹੀਆਂ ਖ਼ਬਰਾਂ ਆਮ ਨੇ ਕੇ ਪਾਕਿਸਤਾਨ ਵੱਲੋਂ ਡਰੋਨ ਦੇ ਜ਼ਰੀਏ ਜਾਂ ਫਿਰ ਕਿਸੇ ਹੋਰ ਜ਼ਰੀਏ ਨਸ਼ੇ ਦੀ ਤਸਕਰੀ ਕੀਤੀ ਗਈ ਹੋਵੇ। ਉਸ ਦੇ ਦੂਸਰੇ ਪਾਸੇ ਜੇਕਰ ਗੱਲ ਪੰਜਾਬ ਤੋਂ ਇਲਾਵਾ ਪਾਕਿਸਤਾਨ ਵੱਲੋਂ ਭਾਰਤ 'ਚ ਭੇਜੇ ਜਾਣ ਵਾਲੇ ਨਸ਼ੇ ਦੇ ਰਸਤੇ ਦੀ ਕਰੀਏ ਤਾਂ ਅੱਜ ਸਭ ਤੋਂ ਉੱਪਰ ਨਾਮ ਗੁਜਰਾਤ ਦਾ ਆਉਂਦਾ ਹੈ।

ਰੋਜ਼ਾਨਾ ਕਰੋੜਾਂ ਦਾ ਨਸ਼ਾ ਹੋ ਰਿਹਾ ਬਰਾਮਦ: ਪਿਛਲੇ ਇੱਕ ਸਾਲ ਵਿੱਚ ਗੁਜਰਾਤ ਦੇ ਸਮੁੰਦਰੀ ਕਿਨਾਰੇ ਹਜ਼ਾਰਾਂ ਕਰੋੜ ਦਾ ਨਸ਼ਾ ਬੀਐਸਐਫ ਅਤੇ ਕੋਸਟ ਗਾਰਡ ਵੱਲੋਂ ਬਰਾਮਦ ਕੀਤਾ ਗਿਆ ਹੈ। ਜੇਕਰ ਕੁਝ ਅੰਕੜਿਆਂ ਵੱਲ ਧਿਆਨ ਮਾਰੀਏ ਤਾਂ ਪਿਛਲੇ ਕੁਝ ਸਮੇਂ ਵਿੱਚ 40 ਹਜ਼ਾਰ ਕਰੋੜ ਤੋਂ ਉੱਪਰ ਦੀ ਡਰੱਗਜ਼ ਗੁਜਰਾਤ ਵਿੱਚ ਬਰਾਮਦ ਹੋਈ ਹੈ। ਇਸ ਦੇ ਵਿੱਚੋਂ ਜ਼ਿਆਦਾਤਰ ਪਾਕਿਸਤਾਨ ਤੋਂ ਸਮੁੰਦਰੀ ਰਸਤੇ ਰਾਹੀਂ ਗੁਜਰਾਤ ਵਿੱਚ ਭੇਜੀ ਗਈ ਹੈ। ਪਿਛਲੇ ਸਾਲ 15 ਸਤੰਬਰ ਨੂੰ ਗੁਜਰਾਤ ਦੇ ਮੁੰਦਰਾ ਪੋਟ 'ਤੇ 21 ਹਜ਼ਾਰ ਕਰੋੜ ਦੀ ਹੈਰੋਇਨ ਜੋ ਕਿ ਮਾਤਰਾ 'ਚ 3000 ਕਿਲੋ ਸੀ,ਉਸ ਨੂੰ ਜ਼ਬਤ ਕੀਤਾ ਗਿਆ ਸੀ। ਇਸ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਗੁਜਰਾਤ ਏਟੀਐੱਸ ਨੇ ਕੋਸਟ ਗਾਰਡ ਨਾਲ ਮਿਲ ਕੇ 280 ਕਰੋੜ ਦੀ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਇੱਕ ਹੋਰ ਵੱਡੇ ਮਾਮਲੇ ਵਿੱਚ ਗੁਜਰਾਤ ਦੀ ਸਮੁੰਦਰੀ ਸੀਮਾ ਤੋਂ 150 ਕਰੋੜ ਦੀ ਹੈਰੋਇਨ ਨਾਲ ਅੱਠ ਪਾਕਿਸਤਾਨੀ ਨਾਗਰਿਕ ਵੀ ਫੜੇ ਗਏ।

ਪੰਜਾਬ 'ਚ ਪਾਕਿਸਤਾਨ ਵੱਲੋਂ ਨਸ਼ਾ ਤਸਕਰੀ ਦੀ ਮਾਤਰਾ ਗੁਜਰਾਤ ਤੋਂ ਕਿਤੇ ਘੱਟ: ਜੇਕਰ ਗੱਲ ਪਾਕਿਸਤਾਨ ਵੱਲੋਂ ਪੰਜਾਬ ਦੀ ਸਰਹੱਦ ਰਾਹੀਂ ਨਸ਼ਾ ਤਸਕਰੀ ਦੀ ਗੱਲ ਕਰੀਏ ਤਾਂ ਇਸ ਦੀ ਮਾਤਰਾ ਮਹਿਜ਼ ਕੁਝ ਕਿਲੋਆਂ ਵਿੱਚ ਆਉਂਦੀ ਹੈ। ਅਜਿਹਾ ਨਹੀਂ ਹੈ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਪਾਕਿਸਤਾਨ ਵੱਲੋਂ ਨਹੀਂ ਹੋ ਰਹੀ, ਪਰ ਸਰਹੱਦ 'ਤੇ ਬੀਐੱਸਐੱਫ ਦੀ ਸਖ਼ਤੀ ਤੋਂ ਬਾਅਦ ਤਸਕਰੀ ਹੋਣ ਵਾਲੀ ਡਰੱਗ ਦੀ ਮਾਤਰਾ ਗੁਜਰਾਤ ਨਾਲੋਂ ਬਹੁਤ ਘੱਟ ਹੈ।

ਗੁਜਰਾਤ ਨੂੰ ਗੇਟਵੇਅ ਦੇ ਰੂਪ ਵਿਚ ਇਸਤੇਮਾਲ: ਪੰਜਾਬ ਵਿੱਚ 2021 ਦੌਰਾਨ ਬੀਐਸਐਫ ਨੂੰ 62 ਡਰੋਨ ਦੀਆਂ ਘਟਨਾਵਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਖ਼ਤਮ ਕੀਤਾ ਸੀ। ਸਾਫ਼ ਹੈ ਕਿ ਜੇਕਰ ਕੋਈ ਇਨਸਾਨ ਪਾਕਿਸਤਾਨ ਵੱਲੋਂ ਬੀਐਸਐਫ ਦੇ ਬਾਰਡਰ ਰਾਹੀਂ ਨਸ਼ਾ ਸੁੱਟ ਕੇ ਇੱਥੇ ਪਹੁੰਚਾਉਣ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਹ ਇੰਨਾ ਜ਼ਿਆਦਾ ਵਜ਼ਨ ਇਧਰ ਨਹੀਂ ਸੁੱਟ ਸਕਦਾ। ਜਦਕਿ ਦੂਸਰੇ ਪਾਸੇ ਜੇਕਰ ਇਹ ਨਸ਼ਾ ਡ੍ਰੋਨ ਰਾਹੀਂ ਇੱਥੇ ਪਹੁੰਚਾਉਣਾ ਤਾਂ ਵੀ ਉਸ ਦੀ ਮਾਤਰਾ ਕੁਝ ਕਿਲੋਆਂ ਵਿੱਚ ਹੋ ਸਕਦੀ ਹੈ। ਜਦ ਕਿ ਜੇਕਰ ਗੱਲ ਕਰੀਏ ਸਮੁੰਦਰੀ ਰਸਤੇ ਇਸ ਨਸ਼ੇ ਨੂੰ ਦੇਸ਼ ਵਿੱਚ ਪਹੁੰਚਾਉਣ ਦੀ ਤਾਂ ਇਸ ਨੂੰ ਜਿੰਨੀ ਮਰਜ਼ੀ ਮਾਤਰਾ ਵਿੱਚ ਸਮੁੰਦਰੀ ਰਸਤੇ ਜ਼ਰੀਏ ਪਹੁੰਚਾਇਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੀ ਜਗ੍ਹਾ ਨਸ਼ੇ ਦੇ ਕਾਰੋਬਾਰੀ ਗੁਜਰਾਤ ਦੇ ਸਮੁੰਦਰੀ ਰਸਤੇ ਨੂੰ ਇਸਤੇਮਾਲ ਕਰ ਰਹੇ ਨੇ ਅਤੇ ਉਨ੍ਹਾਂ ਵੱਲੋਂ ਗੁਜਰਾਤ ਨੂੰ ਇਸ ਦੇ ਗੇਟਵੇਅ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ।

ਗੁਜਰਾਤ ਅਤੇ ਪੰਜਾਬ ਦੀ ਸਰਹੱਦ 'ਚ ਫ਼ਰਕ: ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਸੀਮਾ ਨਾਲ ਲੱਗਦੇ ਪਾਕਿਸਤਾਨੀ ਇਲਾਕੇ ਦਾ ਖੇਤਰ ਕਰੀਬ 553 ਕਿਲੋਮੀਟਰ ਹੈ। ਜਿਸ 'ਤੇ ਪੂਰਨ ਤੌਰ 'ਤੇ ਕੰਢੇਦਾਰ ਤਾਰਾਂ ਲਗਾਈਆਂ ਗਈਆਂ ਨੇ ਅਤੇ ਇਸ ਦੇ ਨਾਲ-ਨਾਲ ਬੀ.ਐੱਸ.ਐੱਫ ਦਾ ਵੀ ਇੱਥੇ ਸਖ਼ਤ ਪਹਿਰਾ ਰਹਿੰਦਾ ਹੈ। ਸਰਹੱਦ ਦੇ ਨਜ਼ਦੀਕ ਜੇ ਕੋਈ ਜਾ ਸਕਦਾ ਹੈ ਤਾਂ ਸਿਰਫ਼ ਉਹ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਬਾਰਡਰ ਦੇ ਨਾਲ ਲੱਗਦੀਆਂ ਹਨ।

ਗੁਜਰਾਤ ਦਾ ਸਮੁੰਦਰੀ ਰਸਤਾ: ਉਧਰ ਦੂਸਰੇ ਪਾਸੇ ਗੁਜਰਾਤ ਦੀ ਸੀਮਾ ਪੂਰੀ ਤਰ੍ਹਾਂ ਇਕ ਸਮੁੰਦਰੀ ਇਲਾਕਾ ਹੈ। ਜਿਸ ਉੱਪਰ ਵੱਡੀ ਗਿਣਤੀ 'ਚ ਸਮੁੰਦਰੀ ਜਹਾਜ਼, ਕਿਸ਼ਤੀਆਂ ਅਤੇ ਮਛਵਾਰਿਆਂ ਰਾਹੀਂ ਵਪਾਰ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਨਸ਼ਾ ਤਸਕਰਾਂ ਨੂੰ ਪੰਜਾਬ ਨਾਲੋਂ ਗੁਜਰਾਤ ਦਾ ਇਹ ਬਾਰਡਰ ਕਈ ਮਾਅਨਿਆਂ ਵਿੱਚ ਆਸਾਨ ਲੱਗ ਰਿਹਾ ਹੈ। ਹਾਲਾਂਕਿ ਉੱਥੇ ਵੀ ਕੋਸਟ ਗਾਰਡ ਸਮੇਤ ਬਹੁਤ ਸਾਰੀਆਂ ਏਜੰਸੀਆਂ ਤਸਕਰੀ ਦੇ ਉੱਪਰ ਖ਼ਾਸ ਨਜ਼ਰ ਰੱਖਦੀਆਂ ਹਨ। ਇਸ ਦੇ ਬਾਵਜੂਦ ਅੱਜ ਪੰਜਾਬ ਨਾਲੋਂ ਕਿਤੇ ਜ਼ਿਆਦਾ ਨਸ਼ਾ ਤਸਕਰੀ ਪਾਕਿਸਤਾਨ ਵੱਲੋਂ ਗੁਜਰਾਤ ਰਾਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ:ਪੰਜਾਬ ਪੁਲਿਸ ਦੀ ਸੂਚਨਾ 'ਤੇ ਵੱਡੀ ਕਾਰਵਾਈ, "ਇਕ ਹਫ਼ਤੇ 'ਚ 148 ਕਿਲੋ ਹੈਰੋਇਨ ਬਰਾਮਦ"

ABOUT THE AUTHOR

...view details