ਸਿਵਲ ਹਸਪਤਾਲ ਜਲੰਧਰ 'ਚ ਮੁਫ਼ਤ ਰਸੋਈ ਦੀ ਸ਼ੁਰੂਆਤ - ਰਸੋਈ
ਜਲੰਧਰ : ਸਿਵਲ ਹਸਪਤਾਲ ਜਲੰਧਰ ਵਿਖੇ ਅੱਜ ਲੋੜਵੰਦ ਲੋਕਾਂ ਲਈ ਮੁਫ਼ਤ ਰਸੋਈ ਦੀ ਸ਼ੁਰੂਆਤ ਕੀਤੀ ਗਈ।
ਇਸ ਰਸੋਈ ਦਾ ਉਦਘਾਟਨ ਜਲੰਧਰ ਦੇ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਪਹਿਲਾਂ ਤੋਂ ਇਹ ਰਸੋਈ ਚੱਲ ਰਹੀ ਹੈ ਪਰ ਉਦੋਂ ਸਿਰਫ਼ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਸੀ ਅਤੇ 10 ਰੁਪਏ ਲਏ ਜਾਂਦੇ ਸਨ। ਪਰ ਹੁਣ 'ਸ੍ਰੀ ਗੁਰੂ ਰਾਮਦਾਸ ਲੰਗਰ' ਨਾਂਅ ਤੋਂ ਬਣਾਈ ਇਹ ਰਸੋਈ ਮੁਫ਼ਤ ਚੱਲੇਗੀ ਅਤੇ ਇੱਕ ਦੀ ਥਾਂ ਤਿੰਨੋਂ ਟਾਈਮ ਖਾਣਾ ਮਿਲੇਗਾ।
ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਰਸੋਈਆਂ ਸੂਬੇ ਦੇ ਕਈ ਸ਼ਹਿਰਾਂ 'ਚ ਬਣੀਆਂ ਹੋਈਆਂ ਹਨ, ਜਿਸ ਦਾ ਫ਼ਾਇਦਾ ਹਰ ਉਸ ਇਨਸਾਨ ਨੂੰ ਹੋ ਰਿਹਾ ਹੈ ਜੋ ਲੋੜਵੰਦ ਹੈ। ਸਿਵਲ ਹਸਪਤਾਲ 'ਚ ਇਹ ਰਸੋਈ ਖੁੱਲ੍ਹਣ ਕਰ ਕੇ ਮਰੀਜ਼ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਕਾਫ਼ੀ ਰਾਹਤ ਮਿਲੀ ਹੈ।