ਜਲੰਧਰ: ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ ਸ਼ਾਹਕੋਟ ਵਿਖੇ ਨਾਕਾਬੰਦੀ ਦੌਰਾਨ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ 11 ਕਿੱਲੋ ਹੈਰੋਇਨ ਅਤੇ 11 ਲੱਖ ਰੁਪਏ ਤੋਂ ਵੱਧ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋੋਸ਼ੀਆਂ ਕੋਲੋਂ ਇੱਕ ਗੱਡੀ ਵੀ ਬਰਾਮਦ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ।
ਇਸ ਸਬੰਧੀ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਡਾ. ਸੰਦੀਪ ਗਰਗ ਨੇ ਪ੍ਰੈਸ ਕਾਨਫ਼ਰੰਸ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਾਹਕੋਟ ਪੁਲਿਸ ਦੇ ਮੁੱਖ ਅਫ਼ਸਰ ਐਸਆਈ ਸੁਰਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਪਿੰਡ ਮਲਸੀਆਂ ਵਿਖੇ ਨਾਕਾਬੰਦੀ ਦੌਰਾਨ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ।
ਨਸ਼ਾ ਤਸਕਰ ਗਿਰੋਹ ਦੇ ਚਾਰ ਮੈਂਬਰ 11 ਕਿੱਲੋ ਹੈਰੋਇਨ ਤੇ 11 ਲੱਖ ਦੀ ਨਕਦੀ ਸਮੇਤ ਕਾਬੂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰੇ ਮੁਲਜ਼ਮ ਇੱਕ ਆਈ20 ਕਾਰ ਵਿੱਚ ਸਵਾਰ ਸਨ, ਜਦੋਂ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਇੱਕ ਕਿੱਲੋ ਦੇ ਗਿਆਰਾਂ ਪੈਕੇਟ ਹੈਰੋਇਨ ਅਤੇ 11 ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਫੜ੍ਹੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਹਰਜਿੰਦਰਪਾਲ ਸਿੰਘ, ਸੰਜੀਤ ਉਰਫ਼ ਮਿੰਟੂ ਵਾਸੀ ਫ਼ਿਰੋਜ਼ਪੁਰ ਅਤੇ ਕਿਸ਼ਨ ਸਿੰਘ ਵਾਸੀ ਗੰਗਾਨਗਰ (ਰਾਜਸਥਾਨ) ਵੱਜੋਂ ਹੋਈ ਹੈ, ਜਿਨ੍ਹਾਂ ਵਿੱਚ ਮੁੱਖ ਸਰਗਨਾ ਰਣਜੀਤ ਸਿੰਘ ਵੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ 20-21 ਸਾਲ ਦੀ ਉਮਰ ਦੇ ਹਨ, ਜੋ ਫ਼ਿਰੋਜ਼ਪੁਰ ਤੋਂ ਹੈਰੋਇਨ ਦੀ ਖੇਪ ਲੈ ਕੇ ਪੰਜਾਬ ਦੇ ਖਾਸ ਕਰ ਦੋਆਬੇ ਦੇ ਵੱਖ-ਵੱਖ ਖੇਤਰਾਂ ਵਿੱਚ ਸਪਲਾਈ ਕਰਦੇ ਸਨ। ਮੁਲਜ਼ਮ ਕੁੱਲ 20 ਕਿੱਲੋ ਹੈਰੋਇਨ ਲੈ ਕੇ ਆਏ ਸਨ, ਜਿਸ ਵਿੱਚੋਂ ਇਨ੍ਹਾਂ ਨੇ 9 ਕਿੱਲੋ ਸਪਲਾਈ ਦੇ ਦਿੱਤੀ ਹੈ। ਜਿਹੜੀ ਗੱਡੀ ਫੜੀ ਗਈ ਹੈ ਉਹ ਮੁੱਖ ਦੋਸ਼ੀ ਰਣਜੀਤ ਸਿੰਘ ਦੇ ਨਾਂਅ ਹੈ।
ਐਸਐਸਪੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਹੋਰ ਜਾਂਚ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਹੋਰ ਅਹਿਮ ਜਾਣਕਾਰੀ ਹਾਸਲ ਕੀਤੀ ਜਾ ਸਕੇ।