ਜਲੰਧਰ: ਜਲੰਧਰ ਦੀਆਂ ਜਿਮਨੀ ਚੋਣਾਂ ਨੇੜੇ ਹਨ ਜਿਸ ਨੂੰ ਲੈ ਕੇ ਜਲੰਧਰ ਦੀ ਰਾਜਨੀਤੀ ਗਰਮ ਨਜ਼ਰ ਆ ਰਹੀ ਹੈ। ਵੱਖ ਵੱਖ ਪਾਰਟੀਆਂ ਦੇ ਵੱਡੇ ਆਗੂ ਅਤੇ ਵਰਕਰ ਦੂਜੀਆਂ ਪਾਰਟੀਆਂ ਵਿੱਚ ਸਾਮਲ ਹੋ ਰਹੇ ਹਨ। ਪੰਜਾਬ ਦੇ ਜਲੰਧਰ ਕੈਂਟ ਤੋਂ ਸਥਾਨਕ ਵਿਧਾਇਕ ਪਰਗਟ ਸਿੰਘ ਦੇ ਨਜ਼ਦੀਕੀ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਵੀ ਸਨ, ਜੋ ਅਕਾਲੀ ਦਲ ਤੋਂ ‘ਆਪ’ ਵਿੱਚ ਸ਼ਾਮਲ ਹੋਏ।
ਬਾਦਲਾਂ ਤੋਂ ਕਾਂਗਰਸ ਫਿਰ ਆਪ ਤੱਕ ਦਾ ਸਫਰ: ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ। ਸਾਲ 2020 ਵਿੱਚ ਬਾਦਲਾਂ ਦਾ ਸਾਥ ਛੱਡ ਕੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਅਕਾਲੀ ਦਲ ਤੋਂ ਆਏ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਚੋਣਾਂ ਵਿੱਚ ਸਮਰਥਨ ਦਿੱਤਾ। ਜਲੰਧਰ 'ਚ ਵਿਰੋਧੀ ਪਾਰਟੀਆਂ ਕਾਂਗਰਸ ਪਾਰਟੀ ਨੂੰ ਝਟਕੇ ਦੇ ਰਹੀਆਂ ਹਨ। ਲੋਕ ਸਭਾ ਜ਼ਿਮਨੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਤੋਂ ਹੀ ਨੇਤਾਵਾਂ ਦੇ ਇੱਕ ਤੋਂ ਦੂਜੀ ਪਾਰਟੀ ਵਿੱਚ ਜਾਣ ਦਾ ਸਿਲਸਿਲਾ ਜਾਰੀ ਹੈ। ਭਾਵੇਂ ਪਾਰਟੀ ਦੇ ਵੱਡੇ ਆਗੂ ਵੀ ਇਕਜੁੱਟਤਾ ਦਿਖਾ ਕੇ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਫਿਰ ਵੀ ਮਾਮਲਾ ਰੁਕ ਨਹੀਂ ਰਿਹਾ।