ਜਲੰਧਰ: ਕਸਬਾ ਗੁਰਾਇਆ ਵਿਖੇ ਪੈਂਦੇ ਪਿੰਡ ਢੀਂਡਸਾ ਵਿਖੇ ਚੱਲ ਰਹੇ ਵਿਆਹ ਸਮਾਗਮ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਲਾੜੇ ਦੀ ਪਹਿਲੀ ਪਤਨੀ ਕੁੱਝ ਬੰਦਿਆਂ ਨੂੰ ਲੈ ਕੇ ਮੌਕੇ 'ਤੇ ਆ ਧਮਕੀ ਅਤੇ ਵਿਆਹ ਤੋਂ ਗੁੱਸੇ ਵਿੱਚ ਆਈ ਪਤਨੀ ਨੇ ਬਰਾਤ ਦੀਆਂ ਗੱਡੀਆਂ ਦੀ ਭੰਨਤੋੜ ਕਰਵਾ ਦਿੱਤੀ। ਲਾੜੇ ਦੀ ਪਹਿਲੀ ਪਤਨੀ ਨੇ ਦੋਸ਼ ਲਾਏ ਕਿ ਉਸਦਾ ਪਤੀ ਚਰਨਜੀਤ ਸਿੰਘ ਦਾ ਅਜੇ ਉਸ ਨਾਲ ਤਲਾਕ ਨਹੀਂ ਹੋਇਆ ਹੈ ਅਤੇ ਉਹ ਹੁਣ ਤੀਜਾ ਵਿਆਹ ਕਰਵਾ ਰਿਹਾ ਹੈ। ਉਧਰ, ਲਾੜੇ ਨੇ ਕਿਹਾ ਕਿ ਉਨ੍ਹਾਂ ਦਾ ਪੰਚਾਇਤੀ ਤਲਾਕ ਹੋ ਚੁੱਕਾ ਹੈ, ਜਿਸ ਕਾਰਨ ਉਸ ਨੇ ਇਹ ਵਿਆਹ ਕਰਵਾਇਆ ਹੈ। ਸੂਚਨਾ ਮਿਲਣ 'ਤੇ ਮੌਕੇ ਉਪਰ ਥਾਣਾ ਗੁਰਾਇਆ ਪੁਲਿਸ ਵੀ ਪੁੱਜ ਗਈ ਸੀ।
ਵਿਆਹ ਸਮਾਗਮ 'ਚ ਪਹਿਲੀ ਪਤਨੀ ਨੇ ਪਾਈ ਖਲਲ, ਲਾੜੇ 'ਤੇ ਬਿਨਾਂ ਤਲਾਕ ਤੀਜੇ ਵਿਆਹ ਦੇ ਲਾਏ ਦੋਸ਼ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸੰਗੀਤਾ ਨੇ ਦੱਸਿਆ ਕਿ ਤਕਰੀਬਨ ਛੇ ਸਾਲ ਪਹਿਲਾਂ ਉਸਦਾ ਵਿਆਹ ਗੁਰਾਇਆ ਦੇ ਪਿੰਡ ਅੱਟਾ ਦੇ ਰਹਿਣ ਵਾਲੇ ਚਰਨਜੀਤ ਪੁੱਤਰ ਮੇਜਰ ਰਾਮ ਦੇ ਨਾਲ ਹੋਇਆ ਸੀ। ਹੁਣ ਉਸ ਦਾ ਆਪਣੇ ਭਾਰਤੀ ਚਰਨਜੀਤ ਨਾਲ ਝਗੜਾ ਚੱਲ ਰਿਹਾ ਹੈ ਜਿਸ ਦੇ ਚਲਦਿਆਂ ਉਸਨੇ ਐਸਐਸਪੀ ਜਲੰਧਰ ਵਿਖੇ ਸ਼ਿਕਾਇਤ ਕੀਤੀ ਹੈ ਅਤੇ ਵੂਮੈਨ ਸੈੱਲ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਕੇਸ ਚੱਲ ਰਿਹਾ ਹੈ।
ਇਸਦੇ ਬਾਵਜੂਦ ਵੀ ਉਸ ਦੇ ਪਤੀ ਚਰਨਜੀਤ ਨੇ ਮੰਗਲਵਾਰ ਪਿੰਡ ਢੀਂਡਸਾ ਵਿਖੇ ਵਿਆਹ ਕਰਵਾ ਲਿਆ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਗੁਹਾਰ ਵੀ ਲਗਾਈ ਹੈ।
ਦੂਜੇ ਪਾਸੇ ਚਰਨਜੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਦਾ ਸੰਗੀਤਾ ਨਾਲ ਵਿਆਹ ਹੋਇਆ ਸੀ ਪਰ ਘਰੇਲੂ ਕਲੇਸ਼ ਦੇ ਚਲਦਿਆਂ ਉਨ੍ਹਾਂ ਦੋਵਾਂ ਦਾ ਪੰਚਾਇਤੀ ਤਲਾਕ ਹੋ ਚੁੱਕਾ ਹੈ, ਜਿਸ ਕਰਕੇ ਉਸ ਨੇ ਅੱਜ ਇਹ ਵਿਆਹ ਕਰਵਾਇਆ ਹੈ। ਉਸਨੇ ਕਿਹਾ ਕਿ ਉਸਦੀ ਤਲਾਕਸ਼ੁਦਾ ਪਤਨੀ ਸੰਗੀਤਾ ਨੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਵਿਆਹ ਸਮਾਗਮ ਦੌਰਾਨ ਉਨ੍ਹਾਂ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ ਹੈ।
ਗੁਰਾਇਆ ਦੇ ਐਸਐਚਓ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 112 ਨੰਬਰ 'ਤੇ ਮਾਮਲੇ ਸਬੰਧੀ ਸੂਚਨਾ ਮਿਲੀ ਸੀ, ਜਿਸ 'ਤੇ ਉਨ੍ਹਾਂ ਤਫ਼ਤੀਸ਼ ਕੀਤੀ ਹੈ ਅਤੇ ਪਤਾ ਲੱਗਾ ਹੈ ਕਿ ਸੰਗੀਤਾ ਤੇ ਚਰਨਜੀਤ ਸਿੰਘ ਦਾ ਪੰਚਾਇਤੀ ਤਲਾਕ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਇੱਕ ਸ਼ਿਕਾਇਤ ਦਾ ਮਾਮਲਾ ਡੀਐਸਪੀ ਨਕੋਦਰ ਵਿਖੇ ਵੀ ਚੱਲ ਰਿਹਾ ਹੈ, ਜਿਸ ਵਿੱਚ ਇਹ ਉਥੇ ਹੀ ਕਾਰਵਾਈ ਲਈ ਕਹਿ ਰਹੇ ਹਨ।