ਜਲੰਧਰ: ਕੋਰੋਨਾ ਕਰਕੇ ਪੰਜਾਬ ਵਿੱਚ ਲੱਗੇ ਕਰਫਿਊ ਦਾ ਅਸਰ ਹੁਣ ਕਿਸਾਨੀ 'ਤੇ ਵੀ ਪੈ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਦੀ ਗੱਲ ਕਹਿ ਰਹੀ ਹੈ ਪਰ ਦੂਸਰੇ ਪਾਸੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਜੋ ਵਾਢੀ ਦੇ ਲਈ ਪੱਕ ਕੇ ਤਿਆਰ ਹੋਣ ਵਾਲੀਆਂ ਹਨ। ਇਨ੍ਹਾਂ ਫ਼ਸਲਾਂ ਦੀ ਸੰਭਾਲ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਹਨ।
ਕਣਕ ਦੀ ਵਾਢੀ ਲਈ ਕਿਸਾਨਾਂ ਨੂੰ ਭਾਰੀ ਗਿਣਤੀ ਵਿੱਚ ਲੇਬਰ ਦੀ ਲੋੜ ਪੈਣੀ ਹੈ ਪਰ ਹੁਣ ਕੋਰੋਨਾ ਕਰਕੇ ਪੰਜਾਬ ਵਿੱਚ ਲੇਬਰ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਲੇਬਰ ਦਾ ਕੰਮ ਕਰਨ ਵਾਲੇ ਲੋਕ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ।
ਕਿਸਾਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਵਿਸ਼ਵਾਸ ਦੇ ਰਹੀ ਹੈ ਪਰ ਜ਼ਮੀਨੀ ਤੌਰ 'ਤੇ ਦੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ ਲੇਬਰ ਦੀ ਸਮੱਸਿਆ ਬਹੁਤ ਹੋਵੇਗੀ ਕਿਉਂਕਿ ਇੱਕ ਪਾਸੇ ਜਿੱਥੇ ਆਲੂ ਦੀ ਫ਼ਸਲ ਦੀ ਪੁਟਾਈ ਹੋਣੀ ਹੈ, ਉਧਰ ਦੂਸਰੇ ਪਾਸੇ ਛੋਟੇ ਕਿਸਾਨਾਂ ਨੂੰ ਕਣਕ ਦੀ ਵਾਢੀ ਲਈ ਲੇਬਰ ਦੀ ਲੋੜ ਪੈਣੀ ਹੈ।
ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਗੰਨੇ ਦਾ ਬਕਾਇਆ ਜਲਦ ਤੋਂ ਜਲਦ ਦੇ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਦੇ ਹਾਲਾਤ ਕੁਝ ਠੀਕ ਹੋ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਰਾਹਤ ਫੰਡ ਦੇਵੇ।