ਜਲੰਧਰ:ਕਿਸਾਨਾਂ ਵਲੋਂ ਬੀਜੀ ਝੋਨੇ ਦੀ 121 ਕਿਸਮ ਨੂੰ ਕਈ ਥਾਵਾਂ 'ਤੇ ਬਿਮਾਰੀ ਲੱਗ ਰਹੀ ਹੈ। ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਵਲੋਂ ਆਪਣੀਆਂ ਖੜੀਆਂ ਫਸਲਾਂ ਦੀ ਬਹਾਈ ਕਰ ਦਿੱਤੀ ਹੈ, ਕਿਉਂਕਿ ਬਿਮਾਰੀ ਲੱਗਣ ਕਾਰਨ ਝੋਨੇ ਦੀ 121 ਕਿਸਮ ਸੁੱਕਣ ਲੱਗ ਗਈ ਹੈ। ਜਿਸ ਨੂੰ ਲੈਕੇ ਫਗਵਾੜਾ ਦੇ ਕਈ ਪਿੰਡਾਂ 'ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਝੋਨੇ ਦੀ 121 ਕਿਸਮ ਬੀਜੀ ਗਈ ਸੀ। ਜਿਸ ਨੂੰ ਕਿ ਭਿਆਨਕ ਬਿਮਾਰੀ ਲੱਗ ਰਹੀ ਹੈ। ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਆਪਣੀਆਂ ਫਸਲਾਂ 'ਤੇ ਮਹਿੰਗੇ ਕੀਟਨਾਸ਼ਕ ਵੀ ਵਰਤ ਲਏ ਹਨ ਪਰ ਬਿਮਾਰੀ ਇੰਨ੍ਹਾਂ ਜ਼ਿਆਦਾ ਹੈ ਕਿ ਕੀਟਨਾਸ਼ਕਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਜਿਸ ਕਾਰਨ ਉਹ ਖਰਾਬ ਹੋ ਰਹੀ ਫਸਲ ਦੀ ਖੜੇ ਹੀ ਬਹਾਈ ਕਰ ਰਹੇ ਹਨ। ਇਸ ਨੂੰ ਲੈਕੇ ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
ਇਸ ਸਬੰਧੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਸੂਬਾ ਸਰਕਾਰ ਅਤੇ ਡੀਸੀ ਕਪੂਰਥਲਾ ਦੇ ਧਿਆਨ ਵਿੱਚ ਮਾਮਲਾ ਲਿਆਉਣਗੇ ਅਤੇ ਕਿਸਾਨਾਂ ਦੀ ਫਸਲ ਦੀ ਸਪੈਸ਼ਲ ਗਿਰਦਾਵਰੀ ਕਰਵਾਕੇ ਮੁਆਵਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।