ਪੰਜਾਬ

punjab

ETV Bharat / state

ਵਿਰਸੇ ਨਾਲ ਜੁੜੇ ਸੰਗੀਤਕ ਸਾਜਾਂ 'ਤੇ ਹਾਵੀ ਹੋਏ ਇਲੈਕਟ੍ਰੋਨਿਕ ਸਾਜ - ਸੰਗੀਤ ਸਾਜ

ਪੰਜਾਬੀ ਵਿਰਸੇ ਵਿਚ ਸੰਗੀਤ ਦੀ ਇੱਕ ਆਪਣੀ ਅਲੱਗ ਥਾਂ ਹੈ, ਪਰ ਅੱਜ ਇਸ ਵਿਰਸੇ ਨਾਲ ਜੁੜੇ ਸੰਗੀਤ ਸਾਜ ਹੌਲੀ ਹੌਲੀ ਲੁਪਤ ਹੋਣ ਦੀ ਕਗਾਰ 'ਤੇ ਹੈ। ਵੇਖੋ ਇਸ ਉੱਤੇ ਇਕ ਖਾਸ ਰਿਪੋਰਟ

Jalandhar music instruments shop, legacy of Punjabi Folk musical instruments, Electronic instruments,
Etv Bharat

By

Published : Nov 16, 2022, 7:25 AM IST

Updated : Nov 16, 2022, 11:55 AM IST

ਜਲੰਧਰ: ਹਰ ਸੱਭਿਅਤਾ ਵਿਚ ਬਹੁਤ ਸਾਰੀਆਂ ਚੀਜਾਂ ਅਜਿਹੀਆਂ ਹੁੰਦੀਆਂ ਹਨ, ਜੋ ਉਸ ਸੱਭਿਅਤਾ ਦੇ ਵਿਰਸੇ ਨਾਲ ਜੁੜੀਆਂ ਹੁੰਦੀਆਂ ਹਨ। ਖਾਸਕਰ ਜੇਕਰ ਗੱਲ ਸੰਗੀਤ ਦੀ ਕਰੀਏ ਤਾਂ ਦੁਨੀਆਂ ਦਾ ਹਰ ਇਨਸਾਨ ਇਸ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ। ਫ਼ਰਕ ਸਿਰਫ ਇੰਨਾ ਹੈ ਕਿ ਹਰ ਸੂਬੇ ਦੇ ਲੋਕਾਂ ਦਾ ਆਪਣਾ ਅਲੱਗ ਵਿਰਸਾ ਹੈ। ਇਸੇ ਤਰਾਂ ਪੰਜਾਬੀ ਵਿਰਸੇ ਵਿਚ ਵੀ ਸੰਗੀਤ ਦੀ ਇੱਕ ਆਪਣੀ ਅਲੱਗ ਥਾਂ ਹੈ, ਪਰ ਅੱਜ ਇਸ ਵਿਰਸੇ ਨਾਲ ਜੁੜੇ ਸੰਗੀਤ ਸਾਜ਼ ਹੌਲੀ ਹੌਲੀ ਲੁਪਤ ਹੋਣ ਦੀ ਕਗਾਰ 'ਤੇ ਹੈ।

ਪਰੰਪਰਾਗਤ ਸੰਗੀਤਕ ਸਾਜਾਂ ਦੀ ਥਾਂ ਲਈ ਇਲੈਕਟ੍ਰੋਨਿਕ ਸਾਜਾਂ ਨੇ :ਇੱਕ ਸਮਾਂ ਸੀ ਜਦ ਪੰਜਾਬ ਵਿਚ ਜਿੱਥੇ ਵੀ ਸੰਗੀਤ ਦਾ ਕਾਰਜਕਰਮ ਹੁੰਦਾ ਸੀ, ਉੱਥੇ ਪੰਜਾਬ ਦੇ ਪਰੰਪਰਾਗਤ ਸਾਜ਼ ਦੇਖਣ ਨੂੰ ਮਿਲਦੇ ਸੀ। ਫਿਰ ਚਾਹੇ ਗੱਲ ਤਬਲੇ, ਢੋਲਕੀ, ਹਾਰਮੋਨੀਅਮ , ਅਲਗੋਜੇ , ਤੂੰਬੀ , ਬਾਂਸਰੀ ਦੀ ਹੋਵੇ, ਜਾਂ ਫੇਰ ਚਿਮਟੇ ਟੱਲੀਆਂ ਦੀ। ਹਰ ਪ੍ਰੋਗਾਮ ਵਿਚ ਇੱਹ ਚੀਜਾਂ ਆਮ ਦੇਖਣ ਨੂੰ ਮਿਲਦੀਆਂ ਸੀ, ਪਰ ਹੁਣ ਇਨ੍ਹਾਂ ਸਾਜਾਂ ਦੀ ਥਾਂ ਡਰੱਮ ਸੈੱਟ, ਕੀਬੋਰਡ ਜਾਂ ਇਲੈਕਟ੍ਰੋਨਿਕ ਗਿਟਾਰਾਂ ਨੇ ਲੈ ਲਈ ਹੈ। ਅੱਜ ਬਿਜਲੀ ਨਾਲ ਚੱਲਣ ਵਾਲਿਆਂ ਚੀਜਾਂ ਦੇ ਕਰੰਟ ਦਾ ਝਟਕਾ ਪਰੰਪਰਾਗਤ ਸੰਗੀਤਕ ਸਾਜਾਂ ਨੂੰ ਲੱਗਿਆ ਹੈ। ਹੌਲੀ ਹੌਲੀ ਇਹ ਸਾਜ ਕਿਤੇ ਨਾ ਕਿਤੇ ਗਾਇਬ ਹੁੰਦੇ ਨਜ਼ਰ ਆ ਰਹੇ ਹਨ। ਕਾਰੀਗਰਾਂ ਵੱਲੋਂ ਆਪਣੇ ਹੱਥਾਂ ਨਾਲ ਬਣਾਏ ਜਾਣ ਵਾਲੇ ਲੱਕੜੀ ਦੇ ਇਹ ਸਾਜ ਹੁਣ ਮਾਡਰਨ ਸਾਜਾਂ ਦਾ ਮੁਕਾਬਲਾ ਨਹੀਂ ਕਰ ਪਾ ਰਹੇ।


ਵਿਰਸੇ ਨਾਲ ਜੁੜੇ ਸੰਗੀਤਕ ਸਾਜਾਂ 'ਤੇ ਹਾਵੀ ਹੋਏ ਇਲੈਕਟ੍ਰੋਨਿਕ ਸਾਜ

ਕਦੇ ਜਲੰਧਰ ਦੇ ਰੇਲਵੇ ਰੋਡ ਸਾਜਾਂ ਦੀ ਬਣਤਰ ਲਈ ਸੀ ਮਸ਼ਹੂਰ, ਅੱਜ ਰਹਿ ਗਏ ਇੱਕ ਦੁੱਕਾ ਵਪਾਰੀ: 1961 ਤੋਂ ਜਲੰਧਰ ਦੀ ਰੇਲਵੇ ਰੋਡ 'ਤੇ ਸੰਗੀਤਕ ਸਾਜ਼ ਬਣਾਉਣ ਵਾਲੀ ਕੰਪਨੀ ਕਲਕੱਤਾ ਮਿਊਜ਼ਿਕ ਦੇ ਮਾਲਕ ਤੇਜਵਿੰਦਰ ਸਿੰਘ ਨੇ ਕਿਹਾ ਕਿ ਅੱਜ ਇਸ ਕੰਮ ਦੇ ਇਹ ਹਾਲ ਨੇ ਕੇ ਉਹ ਖੁਦ ਆਪਣੇ ਬੱਚਿਆਂ ਨੂੰ ਇਸ ਕੰਮ ਵਿਚ ਪਾਉਣ ਦੀ ਬਜਾਏ ਵਿਦੇਸ਼ ਭੇਜ ਰਹੇ ਹਨ। ਉਨ੍ਹਾਂ ਦੇ ਮੁਤਾਬਕ ਇੱਕ ਸਮਾਂ ਹੁੰਦਾ ਸੀ, ਜਦੋਂ ਦੇਸ਼ ਹੀ ਨਹੀਂ ਵਿਦੇਸ਼ ਤੋਂ ਵੀ ਲੋਕ ਇੱਥੇ ਇਹ ਪਰੰਪਰਾਗਤ ਸਾਜ ਖ਼ਰੀਦਣ ਆਉਂਦੇ ਹੁੰਦੇ ਸੀ, ਪਰ ਹੁਣ ਇਨ੍ਹਾਂ ਸਾਜਾਂ ਦੀ ਥਾਂ ਮਾਡਰਨ ਸਾਜਾਂ ਨੇ ਲੈ ਲਈ ਹੈ। ਅੱਜ ਨੌਜਵਾਨ ਅਤੇ ਬੱਚੇ ਪੁਰਾਣੇ ਸਾਜਾਂ ਦੀ ਥਾਂ ਮਾਡਰਨ ਸਾਜ ਬਜਾਉਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਅੱਜ ਕੱਲ ਇਨ੍ਹਾਂ ਪੁਰਾਣੇ ਸਾਜਾਂ ਨੂੰ ਵਜਾਉਣਾ ਸਿੱਖਾਉਣ ਵਾਲੇ ਮਾਸਟਰ ਵੀ ਮਾਡਰਨ ਸਾਜਾਂ ਵੱਲ ਰੁੱਖ ਕਰ ਰਹੇ ਹਨ।


ਨਹੀਂ ਮਿਲਦੀ ਪੁਰਾਣੇ ਸਾਜ ਬਣਾਉਣ ਲਈ ਲੇਬਰ :ਇਸ ਵਪਾਰ ਨਾਲ ਜੁੜੇ ਬਜ਼ੁਰਗ ਵਪਾਰੀ ਸਰਦਾਰ ਜੋਗਿੰਦਰ ਸਿੰਘ ਮੁਤਾਬਕ ਇੱਕ ਸਮਾਂ ਹੁੰਦਾ ਸੀ, ਜਦ ਲੋਕ ਪ੍ਰੋਗਰਾਮਾਂ ਵਿਚ ਇਨ੍ਹਾਂ ਪੁਰਾਣੇ ਸਾਜਾਂ ਦਾ ਖੂਬ ਇਸਤੇਮਾਲ ਕਰਦੇ ਸੀ। ਇਹੀ ਕਾਰਨ ਸੀ ਕਿ ਉਸ ਵੇਲੇ ਇਸ ਕੰਮ ਨੂੰ ਕਰਨ ਵਾਲੀ ਲੇਬਰ ਦੀ ਕੋਈ ਕਮੀ ਨਹੀਂ ਹੁੰਦੀ ਸੀ, ਪਰ ਅੱਜ ਕੱਲ ਇਨ੍ਹਾਂ ਸਾਜਾਂ ਨੂੰ ਬਣਾਉਣ ਵਾਲੀ ਲੇਬਰ ਦੀ ਭਾਰੀ ਕਮੀ ਹੈ। ਅੱਜ ਪੰਜਾਬੀ ਪਰੰਪਰਾਗਤ ਸੰਗੀਤ ਵਿਚ ਇਸਤੇਮਾਲ ਹੋਣੇ ਵਾਲੇ ਸਾਜ ਬਣਾਉਣ ਲਈ ਕੰਮ ਕਰਨ ਵਾਲੀ ਲੇਬਰ ਵੀ ਸਿਰਫ ਉਹੀ ਰਹਿ ਗਈ ਹੈ, ਜੋ ਇਸ ਵੇਲੇ ਕੰਮ ਕਰ ਰਹੀ ਹੈ। ਇਹੀ ਨਹੀਂ ਜੋ ਲੇਬਰ ਅੱਜ ਕੰਮ ਕਰ ਰਹੀ ਹੈ, ਉਹ ਵੀ ਬੇਹੱਦ ਮਹਿੰਗੀ ਹੈ।


ਸਾਜ ਬਣਾਉਣ ਲਈ ਜੰਮੂ ਕਸ਼ਮੀਰ ਤੋਂ ਆਉਣ ਵਾਲੀ ਲੱਕੜ ਵੀ ਹੋਈ ਬੰਦ :ਵਪਾਰੀ ਜੋਗਿੰਦਰ ਸਿੰਘ ਦੱਸਦੇ ਨੇ ਕਿ ਲੱਕੜੀ ਨਾਲ ਬਣਨ ਵਾਲੇ ਇਨ੍ਹਾਂ ਸਾਜਾਂ ਲਈ ਜਿਆਦਾਤਰ ਲੱਕੜ ਜੰਮੂ ਕਸ਼ਮੀਰ ਤੋਂ ਆਉਂਦੀ ਸੀ, ਪਰ ਹੁਣ ਜੰਮੂ ਕਸ਼ਮੀਰ ਤੋਂ ਲੱਕੜ ਆਉਣੀ ਬੰਦ ਹੋਣ ਕਰਕੇ ਇਨ੍ਹਾਂ ਨੂੰ ਬਣਾਉਣ ਵਾਸਤੇ ਲੱਕੜ ਦੀ ਵੀ ਭਾਰੀ ਕਮੀ ਹੋ ਗਈ ਹੈ। ਇਹੀ ਕਾਰਨ ਹੈ ਕਿ ਹੁਣ ਇਨ੍ਹਾਂ ਪਰੰਗਰਾਗਤ ਸੰਗੀਤਕ ਸਾਜਾਂ ਨੂੰ ਬਣਾਉਣਾ ਹੋਰ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੇ ਮੁਤਾਬਕ ਅੱਜ ਜਿੰਨੇ ਸੁਰ ਇਨ੍ਹਾਂ ਵੱਖ ਵੱਖ ਲੱਕੜ ਦੇ ਬਣੇ ਸਾਜਾਂ ਤੋਂ ਨਿਕਲਦੇ ਹਨ। ਉਸ ਦੇ ਨਾਲੋਂ ਜਿਆਦਾ ਕੀਬੋਰਡ ਚੋਂ ਨਿਕਲਦੇ ਹਨ ਜਿਸ ਕਰਕੇ ਲੋਕਾਂ ਦਾ ਕ੍ਰੇਜ਼ ਇਨ੍ਹਾਂ ਤੋਂ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਸਿਰਫ ਹਾਰਮੋਨੀਅਮ ਦੀ ਗੱਲ ਕਰਦੇ ਦੱਸਿਆ ਕਿ ਹਾਰਮੋਨੀਅਮ ਬਣਾਉਣ ਲਈ ਸਾਰੀ ਲੱਕੜ ਜਲੰਧਰ ਜੰਮੂ ਕਸ਼ਮੀਰ ਤੋਂ ਆਉਂਦੀ ਸੀ ਜਿਸ ਨਾਲ ਬਹੁਤ ਵਧੀਆਂ ਕਵਾਲਿਟੀ ਦੇ ਹਾਰਮੋਨੀਅਮ ਬਣਦੇ ਸੀ। ਅੱਜ ਕੱਲ ਕਾਰਮੋਨੀਅਮ ਤਾਂ ਬਣਦੇ ਹਨ, ਪਰ ਉਹ ਗੱਲ ਨਹੀਂ ਜੋ ਜੰਮੂ ਕਸ਼ਮੀਰ ਦੀ ਲੱਕੜ ਨਾਲ ਸੀ।


ਢੋਲ , ਤੂੰਬੀ , ਤਬਲੇ, ਢੋਲਕੀ , ਚਿਮਟੇ ,ਟੱਲੀਆਂ ਦੀ ਥਾਂ ਡੀਜੇ ਨੇ ਲਈ : ਇੱਕ ਸਮਾਂ ਸੀ ਜੱਦ ਪੰਜਾਬ ਦੇ ਤਿਉਹਾਰਾਂ, ਵਿਆਹ ਜਾਂ ਕੋਈ ਵੀ ਸ਼ਗਨਾਂ ਦਾ ਦਿਨ, ਕੋਈ ਖੁਸ਼ੀ ਦਾ ਮਾਹੌਲ ਹੁੰਦੀ ਸੀ ਤਾਂ ਘਰਾਂ ਦੇ ਖੁੱਲ੍ਹੇ ਵਿਹੜਿਆਂ ਵਿੱਚ ਢੋਲ ਦੀ ਥਾਪ ਨਾਲ ਮਨਾਏ ਜਾਂਦੇ ਸੀ, ਪਰ ਹੁਣ ਉਸ ਦੀ ਥਾਂ ਹੋਟਲਾਂ ਦੇ ਬੰਕੀਟ ਹਾਲਾਂ ਨੇ ਲੈ ਲਈ ਹੈ, ਜਿੱਥੇ ਖੁੱਲ੍ਹੇ ਵਿਹੜਿਆਂ ਵਿੱਚ ਢੋਲ ਵੱਜਦੇ ਸੀ, ਉੱਥੇ ਹੁਣ ਡੀਜੇ ਵੱਜਦੇ ਹਨ। ਜੋ ਗਾਇਕ ਤੂੰਬੀ, ਤਬਲੇ, ਢੋਲਕੀ ਵਰਗੇ ਸਾਜਾਂ ਦਾ ਇਸਤੇਮਾਲ ਕਰਦੇ ਸੀ, ਅੱਜ ਉਹ ਕੀਬੋਰਡ, ਡਰਮ ਸੈੱਟ ਦਾ ਇਸਤੇਮਾਲ ਕਰ ਰਹੇ ਹਨ।



ਜੋਗਿੰਦਰ ਸਿੰਘ ਮੁਤਾਬਕ ਹੁਣ ਪਰੰਗਰਾਗਤ ਸਾਜਾਂ ਦੀ ਥਾਂ ਚਾਈਨਾ ਤੋਂ ਆਏ ਸਾਜਾਂ ਦਾ ਇਸਤੇਮਾਲ ਜ਼ਿਆਦਾ ਹੋ ਰਿਹਾ ਹੈ। ਅੱਜ ਜਿਥੇ ਇੱਕ ਪਾਸੇ ਤੂੰਬੀ ਵਰਗੇ ਸਾਜ ਵਜਾਉਣ ਵਾਲੇ ਗਾਇਕਾਂ ਦੀ ਗਿਣਤੀ ਘੱਟ ਰਹੀ ਹੈ। ਉੱਥੇ ਹੀ ਹੁਣ ਇਸ ਨੂੰ ਬਣਾਉਣੇ ਵਾਲੇ ਕਾਰੀਗਰ ਵੀ ਇੱਕ ਦੁੱਕਾ ਹੀ ਮਿੱਲ ਰਹੇ ਹਨ। ਉਨ੍ਹਾਂ ਮੁਤਾਬਕ ਅੱਜ ਢੋਲ ਦੀ ਮੰਗ ਪੰਜਾਬ ਵਿਚ ਘਟਦੀ ਜਾ ਰਹੀ ਹੈ, ਜਦਕਿ ਵਿਦੇਸ਼ਾਂ ਵਿਚ ਅਜੇ ਇਸ ਦੀ ਮੰਗ ਹੈ। ਉਨ੍ਹਾਂ ਦੇ ਮੁਤਾਬਕ ਇਹ ਕੰਮ ਹੁਣ ਪਹਿਲਾ ਨਾਲੋਂ ਅੱਧਾ ਰਹਿ ਗਿਆ ਹੈ।


ਸਾਜ ਬਣਾਉਨ ਵਾਲੇ ਕਾਰੀਗਰ ਵੀ ਹੁਣ ਅੱਗੇ ਨਹੀਂ ਕਰਨਾ ਚਾਹੁੰਦੇ ਇਹ ਕੰਮ :ਪਿਛਲੇ 15 ਸਾਲਾਂ ਤੋਂ ਜਲੰਧਰ ਵਿਚ ਹਾਰਮੋਨੀਅਮ ਬਣਾਉਣ ਅਤੇ ਰਿਪੇਅਰ ਕਰਨ ਵਾਲੇ ਕਾਰੀਗਰ ਰਾਕੇਸ਼ ਮੁਤਾਬਕ ਹੁਣ ਹੱਥ ਨਾਲ ਬਣਨ ਵਾਲੇ ਇਨ੍ਹਾਂ ਸਾਜਾਂ ਨੂੰ ਬਣਾਉਣ ਵਾਲੇ ਕਾਰੀਗਰ ਲਗਾਤਾਰ ਘੱਟ ਰਹੇ ਹਨ। ਇਸ ਦਾ ਇੱਕ ਕਾਰਨ ਇਹ ਸੀ ਕਿ ਇਨ੍ਹਾਂ ਸਾਜਾਂ ਦੀ ਮੰਗ ਹੌਲੀ ਹੌਲੀ ਘੱਟ ਰਹੀ ਹੈ। ਦੂਜਾ ਆਉਣ ਵਾਲੀ ਕਾਰੀਗਰਾਂ ਦੀ ਪੀੜੀ ਇਸ ਲਾਈਨ ਵਿੱਚ ਨਹੀਂ ਆਉਣਾ ਚਾਹੁੰਦੀ। ਕਾਰੀਗਰ ਰਾਕੇਸ਼ ਦੇ ਮੁਤਾਬਕ ਅੱਜ ਹਰ ਕੋਈ ਮਾਡਰਨ ਸਾਜ ਖਰੀਦਦਾ ਹੈ ਜਿਸ ਕਰਕੇ ਕਈ ਵਾਰ ਬਹੁਤ ਸਾਰੇ ਕਾਰੀਗਰ ਵਿਹਲੇ ਬੈਠਦੇ ਹਨ, ਜੋ ਬਾਅਦ ਵਿਚ ਕਿਸੇ ਹੋਰ ਕੰਮ ਵਿਚ ਪੈ ਜਾਂਦੇ ਹਨ। ਰਾਕੇਸ਼ ਮੁਤਾਬਕ ਉਹ ਖੁਦ ਆਪਣੇ ਬੱਚੇ ਨੂੰ ਇਸ ਕੰਮ ਵਿੱਚ ਨਹੀਂ ਪਾਉਣਾ ਚਾਹੁੰਦਾ, ਕਿਉਕਿ ਇਸ ਵਿੱਚ ਕੋਈ ਭੱਵਿਖ ਨਜ਼ਰ ਨਹੀਂ ਆ ਰਿਹਾ ਹੈ।

ਇਹ ਵੀ ਪੜ੍ਹੋ:ਸਿੱਖਾਂ ਵਿਰੁੱਧ ਭੜਕਾਊ ਤੇ ਨਫਰਤੀ ਬਿਆਨਬਾਜ਼ੀ ਕਰਨ ਵਾਲਿਆਂ ਖ਼ਿਲਾਫ਼ SGPC ਨੇ ਕੀਤੀ ਕਾਰਵਾਈ ਦੀ ਮੰਗ

Last Updated : Nov 16, 2022, 11:55 AM IST

ABOUT THE AUTHOR

...view details