ਜਲੰਧਰ :10 ਮਈ ਨੂੰ ਹੋਣ ਜਾ ਰਹੀ ਜਿਮਨੀ ਚੋਣ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਅੱਜ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਅਧੀਨ ਚੋਣ ਅਮਲੇ ਦੀ ਪਹਿਲੀ ਰਿਹਰਸਲ ਕਰਵਾਈ ਗਈ। ਜਿਸ ਦੌਰਾਨ ਪੋਲਿੰਗ ਸਟਾਫ਼ ਨੂੰ ਉਨ੍ਹਾਂ ਦੀ ਡਿਊਟੀ ਅਤੇ ਜ਼ਿੰਮੇਵਾਰੀਆਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਅਧੀਨ ਚੋਣ ਅਮਲੇ ਦੀ ਪਹਿਲੀ ਰਿਹਰਸਲ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਦੇਖ-ਰੇਖ ਹੇਠ ਕਰਵਾਈ ਗਈ ਹੈ।
ਰਿਹਸਲਾਂ ਕਰਨ ਦਾ ਦੱਸਿਆ ਵੇਰਵਾ:ਉਨ੍ਹਾਂ ਦੱਸਿਆ ਕਿ ਰਿਹਰਸਲ ਦੌਰਾਨ ਮਾਸਟਰ ਟ੍ਰੇਨਰਾਂ ਵੱਲੋਂ ਚੋਣ ਅਮਲੇ ਵਿੱਚ ਸ਼ਾਮਲ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਨੂੰ ਵੋਟਿੰਗ ਪ੍ਰਕਿਰਿਆ ਦੀਆਂ ਬਰੀਕੀਆਂ ਬਾਰੇ ਜਾਣੂ ਕਰਵਾਇਆ ਗਿਆ ਹੈ। ਤਾਂ ਜੋ ਵੋਟਾਂ ਵਾਲੇ ਦਿਨ ਪੋਲਿੰਗ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਚੋਣ ਅਮਲੇ ਦੀ ਦੂਜੀ ਰਿਹਰਸਲ 25 ਅਪ੍ਰੈਲ, ਤੀਜੀ ਰਿਹਰਸਲ 30 ਅਪ੍ਰੈਲ ਅਤੇ ਚੌਥੀ ਤੇ ਆਖਰੀ ਰਿਹਰਸਲ 9 ਮਈ ਨੂੰ ਹੋਵੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਸਿਖਲਾਈ ਜਿਮਨੀ ਚੋਣ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਿਰੇ ਚਾੜ੍ਹਨ ਲਈ ਚੋਣ ਅਮਲੇ ਨੂੰ ਆਪਣੀ ਡਿਊਟੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਨ ਵਿੱਚ ਸਹਾਈ ਸਾਬਤ ਹੋਵੇਗੀ।