ਜਲੰਧਰ: ਜਲੰਧਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਹੀ ਇੱਕ ਅਜਿਹਾ ਹਲਕਾ ਹੈ ਜਿਸ ਵਿੱਚ ਨਾ ਸਿਰਫ਼ ਇਲਾਕੇ ਦੇ 57 ਪਿੰਡ ਆਉਂਦੇ ਹਨ, ਬਲਕਿ ਨਾਲ-ਨਾਲ ਜਲੰਧਰ ਕੰਟੋਨਮੈਂਟ ਏਰੀਆ ਅਤੇ ਸ਼ਹਿਰ ਦਾ ਮਾਡਲ ਟਾਊਨ ਇਲਾਕਾ ਵੀ ਇਸ ਹਲਕੇ ਵਿੱਚ ਆਉਂਦਾ ਹੈ। ਇਸ ਹਲਕੇ ਵਿੱਚ ਜਲੰਧਰ ਕੰਟੋਨਮੈਂਟ ਏਰੀਆ ਦੇ 7 ਵਾਰਡ ਵੀ ਸ਼ਾਮਲ ਹਨ, ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ ਉਪਰ ਅਤੇ ਇਸ ਵਾਰ ਹੋਣ ਵਾਲੀਆਂ ਚੋਣਾਂ ਵਿੱਚ ਇੱਥੇ ਦੀ ਸਿਆਸਤ 'ਤੇ ਪੇਸ਼ ਹੈ, ਸਾਡਾ ਖ਼ਾਸ ਪ੍ਰੋਗਰਾਮ ਚੋਣ ਚਰਚਾ......
ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ
ਜਲੰਧਰ ਛਾਉਣੀ ਹਲਕੇ ਵਿੱਚ ਪਿਛਲੇ 10 ਸਾਲਾਂ ਤੋਂ ਪਰਗਟ ਸਿੰਘ ਇਸ ਇਲਾਕੇ ਦੇ ਬਤੌਰ ਵਿਧਾਇਕ ਲੋਕਾਂ ਵਿੱਚ ਆਪਣੇ ਕੰਮ ਕਰ ਰਹੇ ਹਨ, ਪਰਗਟ ਸਿੰਘ 2012 ਵਿੱਚ ਇਸ ਇਲਾਕੇ ਤੋਂ ਅਕਾਲੀ ਦਲ ਵੱਲੋਂ ਉਮੀਦਵਾਰ ਚੁਣੇ ਗਏ ਸੀ ਅਤੇ ਉਨ੍ਹਾਂ ਨੇ ਇੱਥੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਪਰਗਟ ਸਿੰਘ ਵੱਲੋਂ ਅਕਾਲੀ ਦਲ ਨੂੰ ਛੱਡ ਦਿੱਤਾ ਗਿਆ ਅਤੇ 2017 ਵਿੱਚ ਇਸੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵੱਜੋਂ ਚੋਣਾਂ ਲੜਦੇ ਹੋਏ, ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ ਹਰਾਇਆ, ਫਿਲਹਾਲ ਪਰਗਟ ਸਿੰਘ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਖੇਡ ਅਤੇ ਸਿੱਖਿਆ ਮੰਤਰੀ ਹਨ।
ਇਸ ਵਾਰ ਦੇ ਰਾਜਨੀਤਕ ਹਾਲਾਤ
ਜਲੰਧਰ ਛਾਉਣੀ ਹਲਕੇ ਵਿੱਚ ਇਸ ਵਾਰ ਕਾਂਗਰਸ ਵੱਲੋਂ ਪਰਗਟ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਅਕਾਲੀ ਦਲ ਨੇ ਇਹ ਸੀਟ ਆਪਣੇ ਪੁਰਾਣੇ ਵਿਧਾਇਕ ਜਗਬੀਰ ਸਿੰਘ ਬਰਾੜ ਜੋ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸੀ ਨੂੰ ਵਾਪਸ ਅਕਾਲੀ ਦਲ ਜੁਆਇਨ ਕਰਵਾਕੇ ਦਿੱਤੀ ਹੈ। ਉਧਰ ਇਸ ਸੀਟ ਉਪਰ ਪਿਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਵੱਲੋਂ ਮਿਹਨਤ ਕਰ ਰਹੇ ਸਰਬਜੀਤ ਮੱਕੜ ਨਿਰਾਸ਼ ਹੋ ਕੇ ਅਕਾਲੀ ਦਲ ਛੱਡ ਚੁੱਕੀਆਂ ਹਨ ਅਤੇ ਇਹ ਐਲਾਨ ਕਰ ਚੁੱਕੇ ਹਨ ਕਿ ਇਹ ਇਸ ਇਲਾਕੇ ਤੋਂ ਚੋਣਾਂ ਲੜਨਗੇ।
ਫਿਲਹਾਲ ਸਰਬਜੀਤ ਸਿੰਘ ਮੱਕੜ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ ਹੈ, ਪਰ ਹਾਲੇ ਇਹ ਸਾਫ਼ ਨਹੀਂ ਹੈ ਕਿ ਭਾਜਪਾ ਉਨ੍ਹਾਂ ਨੂੰ ਜਲੰਧਰ ਛਾਉਣੀ ਤੋਂ ਸੀਟ ਦਿੰਦੀ ਹੈ ਕਿ ਨਹੀਂ। ਇਸ ਦੇ ਨਾਲ ਹੀ ਜਲੰਧਰ ਛਾਉਣੀ ਦੀ ਸੀਟ ਉੱਪਰ ਆਮ ਆਦਮੀ ਪਾਰਟੀ ਵੱਲੋਂ ਹਾਕੀ ਓਲੰਪੀਅਨ ਰਹਿ ਚੁੱਕੇ ਅਤੇ ਸਾਬਕਾ ਆਈ.ਪੀ.ਐਸ ਸੁਰਿੰਦਰ ਸਿੰਘ ਸੋਢੀ ਨੂੰ ਸੀਟ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ ਅਜੇ ਸੀਟ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਜਾਣਾ ਹੈ। ਜ਼ਾਹਿਰ ਹੈ ਇਸ ਸੀਟ ਨੂੰ ਦੇਖਦੇ ਹੋਏ, ਜਿਸ ਵਿੱਚ ਸ਼ਹਿਰ ਦਾ ਮਾਡਲ ਟਾਊਨ ਇਲਾਕਾ ਅਤੇ ਪੇਂਡੂ ਇਲਾਕੇ ਵੀ ਮੌਜੂਦ ਹਨ, ਹਰ ਪਾਰਟੀ ਦੀ ਚੰਗੀ ਪਕੜ ਹੋਵੇਗੀ। ਪਰ ਇੱਥੇ ਦਾ ਮੁਕਾਬਲਾ ਪਰਗਟ ਸਿੰਘ ਅਤੇ ਜਗਬੀਰ ਬਰਾੜ ਵਿੱਚ ਮੰਨਿਆ ਜਾ ਰਿਹਾ ਹੈ।