ਜਲੰਧਰ: ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪਰ ਇਸ ਦੇ ਨਾਲ ਨਾਲ ਪੰਜਾਬੀਆਂ ਨੂੰ ਖੇਡਾਂ ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ। ਪੰਜਾਬ ਦੀਆਂ ਖੇਡਾਂ ਵਿੱਚ ਕੁਸ਼ਤੀ, ਕਬੱਡੀ ਤੇ ਹਾਕੀ ਮੁੱਖ ਖੇਡਾਂ ਹਨ, ਜਿੱਥੇ ਅੱਜ ਇਨ੍ਹਾਂ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੱਕ ਖਿਡਾਰੀ ਮੱਲਾਂ ਮਾਰ ਚੁੱਕੇ ਹਨ। ਉਥੇ ਇਨ੍ਹਾਂ ਦੇ ਕਈ ਖਿਡਾਰੀ ਏਸੇ ਹਨ, ਜੋ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਐਸੇ ਹੀ ਇੱਕ ਕੁਸ਼ਤੀ ਦੇ ਖਿਡਾਰੀ ਨੇ ਸੰਜੀਵਨ ਲਾਲ, ਜੋ ਅੱਜ ਦੁਸਹਿਰੇ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾ ਕੇ ਆਪਣੇ ਘਰ ਦਾ (national champion making ravan) ਗੁਜ਼ਾਰਾ ਚਲਾ ਰਹੇ ਹਨ।
ਕੁਸ਼ਤੀ ਵਿੱਚ ਨੈਸ਼ਨਲ ਚੈਂਪੀਅਨ ਸੰਜੀਵਨ ਲਾਲ :ਜਲੰਧਰ ਦੇ ਜੇਲ੍ਹ ਚੌਕ ਨੇੜੇ ਸੜਕ ਦੇ ਕਿਨਾਰੇ ਬੈਠੇ ਇੱਕ ਬਜ਼ੁਰਗ ਦੁਸਹਿਰੇ ਲਈ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ। ਆਪਣੇ ਹੱਥਾਂ ਨਾਲ ਬਾਂਸ ਦੀਆਂ ਤੀਲੀਆਂ ਨਾਲ ਜੋੜ ਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਅੰਗਾਂ ਦੇ ਹਿੱਸੇ ਬਣਾਉਣ ਵਾਲੇ ਇਸ ਬਜ਼ੁਰਗ ਦੇ ਹੱਥ ਕਦੀ ਕੁਸ਼ਤੀ ਵਿੱਚ ਆਪਣੇ ਸਾਹਮਣੇ ਵਾਲੇ ਨੂੰ ਪਟਕਣੀ ਦੇਣ ਵਿੱਚ ਮਾਹਿਰ ਸੀ। ਸੰਜੀਵਨ ਲਾਲ ਕਿਸੇ ਸਮੇਂ ਕੁਸ਼ਤੀ ਵਿੱਚ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਹਨ।
ਇੰਨਾਂ ਹੀ ਨਹੀਂ, ਇਸ ਤੋਂ ਇਲਾਵਾ ਪੰਜਾਬ ਅਤੇ ਨੈਸ਼ਨਲ ਪੱਧਰ ਦੇ ਕਈ ਕੁਸ਼ਤੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਚੁੱਕੇ ਹਨ, ਅਤੇ ਮੈਡਲ ਤੱਕ ਜਿੱਤ ਚੁੱਕੇ ਹਨ। ਸੰਜੀਵਨ ਲਾਲ ਕੁਸ਼ਤੀ ਵਿੱਚ ਏਸ਼ੀਆ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਜਦ ਉਨ੍ਹਾਂ ਦੇ ਘਰ ਕੋਈ ਜਾ ਕੇ ਉਨ੍ਹਾਂ ਨੂੰ ਆਪਣੇ ਸਰਟੀਫਿਕੇਟ ਦਿਖਾਉਣ ਲਈ ਕਹਿੰਦਾ ਹੈ, ਤਾਂ ਉਹ ਲਿਫਾਫੇ ਵਿਚੋਂ ਕੱਢ ਕੇ ਉਸ ਅੱਗੇ ਸਰਟੀਫਿਕੇਟਾਂ ਦੇ ਢੇਰ ਲਗਾ ਦਿੰਦੇ ਹਨ। ਜ਼ਿੰਦਗੀ ਵਿੱਚ ਖੇਡਾਂ ਅੰਦਰ ਆਪਣਾ ਕਰੀਅਰ ਬਣਾਉਣ ਵਾਲੇ ਇਸ ਬਜ਼ੁਰਗ ਕੋਲ ਜਿੰਨੇ ਵੀ ਖੇਡਾਂ ਦੇ ਸਰਟੀਫਿਕੇਟ ਪਏ ਹਨ, ਅੱਜ ਉਸ ਤੋਂ ਜ਼ਿਆਦਾ ਦਿਲ ਵਿੱਚ ਖੇਡਾਂ ਪ੍ਰਤੀ ਮਲਾਲ ਹੈ।
ਛੋਟੇ ਮੋਟੇ ਕੰਮ ਘਰ ਕੇ ਚਲਾ ਰਹੇ ਘਰ ਦਾ ਗੁਜ਼ਾਰਾ : ਸੰਜੀਵਨ ਰਾਮ ਦੱਸਦੇ ਨੇ ਕਿ ਆਪਣੀ ਜਵਾਨੀ ਵੇਲੇ ਉਹ ਕਈ ਵਾਰ ਪੰਜਾਬ ਦਾ ਨਾਮ ਦੇਸ਼ ਵਿੱਚ ਰੌਸ਼ਨ ਕਰ ਚੁੱਕੇ ਹਨ, ਪਰ ਅੱਜ ਹਾਲਾਤ ਇਹ ਹੈ ਕਿ ਉਨ੍ਹਾਂ ਨੂੰ ਧਾਰਮਿਕ ਸਮਾਗਮ ਦੌਰਾਨ ਗਲੀਆਂ ਵਿੱਚ ਰੰਗ ਬਿਰੰਗੀਆਂ ਝੰਡੀਆਂ ਲਗਾ ਕੇ , ਬੈਤ ਦੀਆਂ ਛੋਟੀਆਂ ਕੁਰਸੀਆਂ ਬਣਾ ਕੇ ਅਤੇ ਦਸਹਿਰੇ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾ ਕੇ ਘਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ।