ਜਲੰਧਰ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ (ED arrests nephew of Charanjit Channi) ਕਰ ਲਿਆ ਹੈ। ਬੀਤੀ ਦੇਰ ਰਾਤ ਭੁਪਿੰਦਰ ਹਨੀ ਦਾ ਸਿਵਲ ਹਸਪਤਾਲ ਜਲੰਧਰ ਵਿਖੇ ਮੈਡੀਕਲ ਕਰਵਾਇਆ ਗਿਆ। ਇਸ ਦੇ ਨਾਲ ਹੀ ਉਸ ਨੂੰ ਜਲੰਧਰ ਮਾਣਯੋਗ ਜੱਜ ਮਨਜਿੰਦਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ 'ਚ ਅਦਾਲਤ ਵਲੋਂ ਭੁਪਿੰਦਰ ਸਿੰਘ ਹਨੀ ਦਾ ਅੱਠ ਫਰਵਰੀ ਤੱਕ ਈ.ਡੀ ਨੂੰ ਰਿਮਾਂਡ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭੁਪਿੰਦਰ ਹਨੀ ਨੂੰ ਈਡੀ ਵੱਲੋਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਦਿਨ ਪਹਿਲੇ ਭੁਪਿੰਦਰ ਹਨੀ ਦੇ ਠਿਕਾਣੇ ਤੋਂ ਈਡੀ ਨੂੰ ਅੱਠ ਕਰੋੜ ਰੁਪਏ ਕੈਸ਼, ਪੱਚੀ ਲੱਖ ਦਾ ਸੋਨਾ ਅਤੇ ਇਕ ਮਹਿੰਗੀ ਘੜੀ ਬਰਾਮਦ ਹੋਈ ਸੀ। ਈਡੀ ਵੱਲੋਂ ਬੀਤੇ ਦਿਨੀਂ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਵਿਖੇ ਆਪਣੇ ਦਫਤਰ ਬੁਲਾਇਆ ਗਿਆ ਸੀ ਅਤੇ ਦੇਰ ਰਾਤ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਦੇਰ ਰਾਤ ਹੀ ਹਨੀ ਨੂੰ ਗ੍ਰਿਫ਼ਤਾਰ ਕਰ ਉਸ ਦਾ ਮੈਡੀਕਲ ਕਰਵਾ ਲਿਆ ਗਿਆ ਸੀ।
ਜਿਸ ਤੋਂ ਬਾਅਦ ਅੱਜ ਕਰੀਬ ਢਾਈ ਵਜੇ ਈਡੀ ਦੀ ਟੀਮ ਉਸ ਨੂੰ ਜਲੰਧਰ ਕੋਰਟ ਵਿੱਚ ਲੈ ਕੇ ਪਹੁੰਚੀ ਜਿੱਥੇ ਉਸ ਨੂੰ ਸੀ.ਜੇ.ਐੱਮ ਦੀ ਕੋਰਟ 'ਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਜੱਜ ਮਨਜਿੰਦਰ ਸਿੰਘ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ 8 ਫ਼ਰਵਰੀ ਤਕ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।
ਈ.ਡੀ ਦੀ ਦਲੀਲ ਗਲਤ: ਵਕੀਲ
ਭੁਪਿੰਦਰ ਹਨੀ ਦੇ ਵਕੀਲ ਹਰਨੀਤ ਸਿੰਘ ਓਬਰਾਏ ਨੇ ਕਿਹਾ ਕਿ ਈਡੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭੁਪਿੰਦਰ ਸਿੰਘ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਹੇ। ਇਸ 'ਤੇ ਉਨ੍ਹਾਂ ਕਿਹਾ ਕਿ ਪਹਿਲੇ ਇਕ ਐਪਲੀਕੇਸ਼ਨ ਦਿੱਤੀ ਸੀ ਜਦੋਂ ਭੁਪਿੰਦਰ ਸਿੰਘ ਨੂੰ ਕੋਰੋਨਾ ਹੋ ਗਿਆ ਸੀ। ਇਸ ਦੇ ਨਾਲ-ਨਾਲ ਜਦੋਂ ਵੀ ਈਡੀ ਦੇ ਬੁਲਾਇਆ ਹਰ ਵਾਰ ਭੁਪਿੰਦਰ ਸਿੰਘ ਉੱਥੇ ਹਾਜ਼ਰ ਹੋਇਆ। ਇਸ ਲਈ ਈਡੀ ਦੀ ਇਹ ਦਲੀਲ ਗ਼ਲਤ ਹੈ ਕਿ ਭੁਪਿੰਦਰ ਸਹਿਯੋਗ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੱਜ ਸਾਹਿਬ ਵੱਲੋਂ ਉਨ੍ਹਾਂ ਦੀਆਂ ਅਤੇ ਈਡੀ ਦੀਆਂ ਦਲੀਲਾਂ ਨੂੰ ਸੁਣਿਆ ਗਿਆ ਅਤੇ ਇਸ ਆਧਾਰ 'ਤੇ ਭੁਪਿੰਦਰ ਨੂੰ ਚਾਰ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ।
ਇਹ ਵੀ ਪੜੋ:'ਨਵਜੋਤ ਸਿੱਧੂ ਹੀਰੋ ਹੈ ਹੀਰੋ ਹੀ ਰਹੇਗਾ, ਸੀਐਮ ਭਾਵੇਂ ਕੋਈ ਹੋਵੇ'
ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਹੋਈ ਸੀ ਛਾਪੇਮਾਰੀ
ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਲੁਧਿਆਣਾ, ਮੋਹਾਲੀ, ਹਰਿਆਣਾ ਦੇ ਪੰਚਕੂਲਾ 'ਚ ਛਾਪੇਮਾਰੀ ਕੀਤੀ ਗਈ। ਭੁਪਿੰਦਰ ਹਨੀ ਨੂੰ ਈਡੀ ਨੇ ਪੁੱਛਗਿੱਛ ਲਈ ਜਲੰਧਰ ਦਫ਼ਤਰ ਬੁਲਾਇਆ ਸੀ। ਭੁਪਿੰਦਰ ਹਨੀ ਨੂੰ ਈਡੀ ਨੇ ਕਰੀਬ 7-8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।
ਪੰਜਾਬ ਦੀ ਰਾਜਨੀਤੀ ਵਿੱਚ ਇਹ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ ਅਤੇ ਇਸ ਦੌਰਾਨ ਭੁਪਿੰਦਰ ਸਿੰਘ ਹਨੀ ਦਾ ਗ੍ਰਿਫ਼ਤਾਰ ਹੋਣਾ ਵਿਰੋਧੀਆਂ ਲਈ ਕਾਂਗਰਸ ਦੇ ਇੱਕ ਵੱਡਾ ਨਿਸ਼ਾਨਾ ਖੁੱਲ੍ਹ ਕੇ ਸਾਹਮਣੇ ਆਇਆ ਹੈ।
ਇਹ ਵੀ ਪੜੋ:ਬੁੱਢਾ ਨਾਲਾ ਫਿਰ ਬਣਿਆ ਸਿਆਸਤ ਦਾ ਕੇਂਦਰ, ਲੋਕਾਂ ਨੇ ਖੜੇ ਕੀਤੇ ਸਵਾਲ ਕਿਹਾ....
ਕੀ ਸੀ ਪੂਰਾ ਮਾਮਲਾ ?
ਸਾਲ 2018 ਵਿੱਚ, ਨਵਾਂਸ਼ਹਿਰ ਜ਼ਿਲ੍ਹੇ ਦੇ ਰਾਹੋਂ ਥਾਣੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਜਿਸ 'ਚ ਕਿਹਾ ਗਿਆ ਕਿ ਪੰਜਾਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜਾਂਚ ਦੌਰਾਨ ਇੱਕ ਕੰਪਨੀ ਪ੍ਰੋਵਾਈਡਰ ਓਵਰਸੀਜ਼ ਸਰਵਿਸਿਜ਼ ਪ੍ਰਾਈਵੇਟ ਲਿਮਟਿਡ (POSPL) ਦਾ ਨਾਂ ਸਾਹਮਣੇ ਆਇਆ। ਇਸ ਕੰਪਨੀ ਦੇ ਤਿੰਨ ਡਾਇਰੈਕਟਰਾਂ ਵਿੱਚੋਂ ਇੱਕ ਭੁਪਿੰਦਰ ਸਿੰਘ ਹਨੀ ਹੈ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਨੀ ਨੂੰ ਇਸ ਸਬੰਧ ਵਿੱਚ ਪੁੱਛਗਿੱਛ ਲਈ ਜਲੰਧਰ ਬੁਲਾਇਆ ਗਿਆ ਸੀ। ਉਥੇ ਘੰਟਿਆਂਬੱਧੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਕਈ ਧਾਰਾਵਾਂ ਤਹਿਤ ਵੀ ਦੋਸ਼ ਲਾਏ ਗਏ ਹਨ।
'ਹੁਣ ਤੱਕ ਕੀ ਕੁਝ ਹੋਈ ਬਰਾਮਦਗੀ '
ਰਿਪੋਰਟਾਂ ਅਨੁਸਾਰ, ਈਡੀ ਮਾਈਨਜ਼ ਐਂਡ ਮਿਨਰਲਜ਼ (ਵਿਕਾਸ ਦਾ ਰੈਗੂਲੇਸ਼ਨ) ਐਕਟ ਦੀਆਂ ਧਾਰਾਵਾਂ ਦੇ ਤਹਿਤ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਛਲੇ ਮਹੀਨੇ ਈਡੀ ਨੇ ਇਸ ਮਾਮਲੇ ਦੀ ਜਾਂਚ ਦੌਰਾਨ 10 ਕਰੋੜ ਰੁਪਏ ਬਰਾਮਦ ਕੀਤੇ ਸਨ। ਦੱਸਿਆ ਗਿਆ ਕਿ ਇਸ ਵਿੱਚੋਂ ਕਰੀਬ ਅੱਠ ਕਰੋੜ ਰੁਪਏ ਭੁਪਿੰਦਰ ਸਿੰਘ ਹਨੀ ਦੇ ਠਿਕਾਣਿਆਂ ਤੋਂ ਮਿਲਿਆ ਹੈ। ਇਸ ਦੇ ਲਈ ਮੋਹਾਲੀ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਸਥਿਤ ਉਨ੍ਹਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ। ਬਾਕੀ ਦੋ ਕਰੋੜ ਰੁਪਏ ਇੱਕ ਹੋਰ ਮੁਲਜ਼ਮ ਸੰਦੀਪ ਸਿੰਘ ਦੇ ਘਰੋਂ ਬਰਾਮਦ ਕੀਤੇ ਗਏ। ਰਿਪੋਰਟ ਮੁਤਾਬਕ ਛਾਪੇਮਾਰੀ ਦੌਰਾਨ ਹਨੀ ਦੇ ਘਰੋਂ 21 ਲੱਖ ਰੁਪਏ ਦਾ ਸੋਨਾ, ਕਈ ਮੋਬਾਈਲ ਫੋਨ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਵੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਰੇਤ ਮਾਈਨਿੰਗ ਦੇ ਕਾਰੋਬਾਰ ਅਤੇ ਜਾਇਦਾਦ ਦੇ ਲੈਣ-ਦੇਣ ਦੇ ਦਸਤਾਵੇਜ਼ ਵੀ ਮਿਲੇ ਹਨ। ਈਡੀ ਨੇ ਇਹ ਸਾਰੀਆਂ ਚੀਜ਼ਾਂ ਜ਼ਬਤ ਕਰ ਲਈਆਂ ਸਨ।