ਜਲੰਧਰ: ਹਰ ਸ਼ਹਿਰ ਵਿੱਚ ਹਰ ਮਹੀਨੇ ਸੈਂਕੜੇ ਬੱਚਿਆਂ ਦਾ ਜਨਮ ਹੁੰਦਾ ਹੈ ਜਿਸ ਲਈ ਲੋਕ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦਾ ਸਹਾਰਾ ਲੈਂਦੇ ਹਨ। ਪਰ ਪਿਛਲੇ ਇੱਕ ਸਾਲ ਦੌਰਾਨ ਇਹ ਦੇਖਣ ਨੂੰ ਮਿਲਿਆ ਹੈ ਕਿ ਲੋਕ ਡਿਲਵਰੀ ਲਈ ਪ੍ਰਾਈਵੇਟ ਹਸਪਤਾਲਾਂ ਦੀ ਬਜਾਏ ਸਰਕਾਰੀ ਹਸਪਤਾਲਾਂ ਦਾ ਰੁਖ ਕਰ ਰਹੇ ਹਨ। ਜਿਸਦੀ ਸਭ ਤੋਂ ਵੱਡੀ ਵਜ੍ਹਾ ਹੈ ਲੋਕਾਂ ਦੀ ਆਰਥਿਕ ਹਾਲਤ। ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਡਿਲੀਵਰੀ ਲਈ ਜਾਣ ਦੀ ਥਾਂ ਇਸ ਕੰਮ ਲਈ ਸਰਕਾਰੀ ਹਸਪਤਾਲਾਂ ਦਾ ਰੁਖ ਕਰ ਰਹੇ ਹਨ ਕਿਉਂਕਿ ਉੱਥੇ ਮਰੀਜ਼ ਨੂੰ ਘਰੋਂ ਲੈ ਕੇ ਜਾਣ ਦੇ ਨਾਲ-ਨਾਲ ਡਿਲੀਵਰੀ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਉੱਧਰ ਇਸ ਪੂਰੇ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਸਿਵਲ ਹਸਪਤਾਲਾਂ ਵਿੱਚ ਗਰਭਵਤੀ ਮਹਿਲਾਵਾਂ ਦੀ ਗਿਣਤੀ ਤਾਂ ਵਧੀ ਹੈ ਪਰ ਇਸ ਦੇ ਨਾਲ-ਨਾਲ ਇਸ ਗੱਲ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਕਿ ਸਿਵਲ ਹਸਪਤਾਲਾਂ ਵਿਚ ਜ਼ਿਆਦਾਤਰ ਪ੍ਰਵਾਸੀ ਮਹਿਲਾਵਾਂ ਹੀ ਡਿਲੀਵਰੀ ਲਈ ਆਉਂਦੀਆਂ ਸਨ ਜੋ ਕਿ ਹੁਣ ਕੋਰੋਨਾ ਕਰਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਚਲੀਆਂ ਗਈਆਂ ਹਨ। ਸਿਵਲ ਹਸਪਤਾਲ ਦੀ ਡਾਕਟਰ ਦਾ ਕਹਿਣਾ ਹੈ ਕਿ ਇਸ ਬਾਰੇ ਤਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਕਿ ਪ੍ਰਾਈਵੇਟ ਹਸਪਤਾਲਾਂ ਦਾ ਪੈਕੇਜ ਕੀ ਹੈ ਪਰ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਸਿਵਲ ਹਸਪਤਾਲਾਂ ਵਿੱਚ ਲੋਕਲ ਗਰਭਵਤੀ ਮਹਿਲਾਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।