ਜਲੰਧਰ:ਇੱਕ ਪਾਸੇ ਸਰਕਾਰ ਤੇ ਪੁਲਿਸ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਦਿਨ ਦਿਹਾੜੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਦਿਹਾਤੀ ਖੇਤਰ ਪਤਾਰਾ ਥਾਣਾ ਅਧੀਨ ਪੈਂਦੇ ਪਿੰਡ ਭੁਜੇਵਾਲ ਦੇ ਨੇੜੇ ਅਮਰ ਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਮੋਟਰਸਾਈਕਲ 'ਤੇ ਆਏ ਦੋ ਬਦਮਾਸ਼ਾਂ ਵਲੋਂ ਮਾਂ ਅਤੇ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਅਤੇ ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਵੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। (Double Murder in Jalandhar)
ਚਰਿੱਤਰ 'ਤੇ ਸ਼ੱਕ ਕਾਰਨ ਕੀਤੀ ਵਾਰਦਾਤ: ਇਸ ਦੌਰਾਨ ਹਮਲਾਵਰਾਂ ਵਲੋਂ ਲਾਸ਼ਾਂ 'ਤੇ ਪੈਟਰੋਲ ਪਾ ਕੇ ਉਨ੍ਹਾਂ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਮ੍ਰਿਤਕਾਂ ਦੀ ਪਛਾਣ ਅਮਰ ਨਗਰ ਵਾਸੀ ਰਣਜੀਤ ਕੌਰ ਅਤੇ ਉਸ ਦੀ ਧੀ ਪ੍ਰੀਤੀ ਵਜੋਂ ਹੋਈ ਹੈ। ਜਿਸ 'ਚ ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਧੀ ਪ੍ਰੀਤੀ ਦੇ ਅਮਰੀਕਾ ਰਹਿੰਦੇ ਪਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਸ 'ਚ ਕਿਹਾ ਜਾ ਰਿਹਾ ਹੈ ਕਿ ਪ੍ਰੀਤੀ ਦਾ ਪਤਨੀ ਆਪਣੇ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਇਹ ਵਾਰਦਾਤ ਕਰਵਾਈ ਗਈ ਹੈ।
ਅਮਰੀਕਾ ਰਹਿੰਦੇ ਜਵਾਈ 'ਤੇ ਕਤਲ ਦਾ ਸ਼ੱਕ: ਮ੍ਰਿਤਕ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਕਿ ਇਸੇ ਦੌਰਾਨ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਪਤਨੀ ਅਤੇ ਬੇਟੀ ਨੂੰ ਗੋਲੀ ਮਾਰ ਦਿੱਤੀ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀ ਪਤਨੀ ਦੀ ਲਾਸ਼ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਹਮਲਾ ਅਮਰੀਕਾ ਰਹਿੰਦੇ ਉਸ ਦੇ ਜਵਾਈ ਵੱਲੋਂ ਕਰਵਾਇਆ ਗਿਆ ਹੈ।