ਕਰਤਾਰਪੁਰ 'ਚ ਡਬਲ ਡੈਕਰ ਵਾਲੀ ਬੱਸ ਜਲੰਧਰ: ਕਰਤਾਰਪੁਰ ਵਿਖੇ ਡਬਲ ਡੈਕਰ ਬੱਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਬੱਸ ਅੰਦਰ ਕੀਤੇ ਆਉਣ-ਜਾਣ ਵਾਲੀਆਂ ਸਵਾਰੀਆਂ ਨਹੀਂ ਬੈਠਦੀਆਂ ਅਤੇ ਨਾ ਹੀ ਕਿਤੇ ਆਉਂਦੀ-ਜਾਂਦੀ ਹੈ। ਬੱਸ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਖਾਣ-ਪੀਣ ਵਾਲਾ ਖਾਣਾ ਮਿਲਦਾ ਹੈ, ਕਿਉਂਕਿ ਇਹ ਡਬਲ ਡੈਕਰ ਵਾਲੀ ਬੱਸ ਇੱਕ ਰੇਸਤਰਾਂ ਹੈ। ਇਸ ਦੇ ਮਾਲਕ ਗੁਰਨੇਕ ਸਿੰਘ ਕੋਲੋਂ ਜਾਣਾਗੇ ਕਿ ਕਿਵੇਂ ਅਜਿਹਾ ਪਲਾਨ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਤੇ ਕਿੰਨਾਂ ਕੁ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ।
ਖਾਸ ਕਿਉ ਹੈ ਇਹ ਡੱਬਲ ਡੈਕਰ ਬੱਸ ਰੇਸਤਰਾਂ:ਦਰਅਸਲ, ਇਹ ਬੱਸ ਇੱਕ ਰੇਸਤਰਾਂ ਹੈ ਜਿਸ ਵਿੱਚ ਲੋਕ ਆ ਕੇ ਆਪਣੀ ਮਨਪਸੰਦ ਖਾਣ ਵਾਲੀਆਂ ਚੀਜ਼ਾ ਦਾ ਆਰਡਰ ਕਰਦੇ ਹਨ ਅਤੇ ਫਿਰ ਉਨ੍ਹਾਂ ਦਾ ਸੁਆਦ ਮਾਣਦੇ ਹਨ। ਇਸ ਡਬਲ ਡੈਕਰ ਬੱਸ ਨੂੰ ਰੇਸਤਰਾਂ ਵਜੋਂ ਤਿਆਰ ਕਰਨ ਵਾਲੇ ਗੁਰਨੇਕ ਸਿੰਘ ਦੱਸਦੇ ਹਨ ਕਿ ਉਹ ਤਕਰੀਬਨ 20-22 ਸਾਲ ਦੁਬਈ ਵਿੱਚ ਰਹੇ ਹਨ ਅਤੇ ਉੱਥੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਸੀ। ਜਦੋਂ ਉਹ ਪੰਜਾਬ ਆਏ, ਤਾਂ ਇੱਥੇ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਦੇ ਬਹੁਤ ਕਨਸੈਪਟ ਦੇਖਣ ਨੂੰ ਮਿਲੇ, ਪਰ ਉਨ੍ਹਾਂ ਵਿਚੋਂ ਕਿਸੇ ਵਿੱਚ ਵੀ ਇਹ ਪ੍ਰਬੰਧ ਨਹੀਂ ਹੈ ਕਿ ਲੋਕ ਉਸ ਗੱਡੀ ਦੇ ਅੰਦਰ ਬੈਠਕੇ ਖਾਣਾ ਖਾ ਸਕਣ।
ਹਰ ਸਹੂਲਤ ਨਾਲ ਲੈਸ ਇਹ ਰੇਸਤਰਾਂ:ਇਹ ਸਭ ਦੇਖ ਕੇ ਉਨ੍ਹਾਂ ਦੇ ਦਿਮਾਗ ਵਿੱਚ ਇਹ ਪਲਾਨ ਬਣਿਆ ਕਿ ਕੁੱਝ ਅਜਿਹਾ ਬਣਾਇਆ ਜਾਵੇ ਜਿਸ ਵਿੱਚ ਬੈਠ ਕੇ ਲੋਕ ਖਾਣਾ ਖਾ ਸਕਣ। ਫਿਰ ਡਬਲ ਡੈਕਰ ਬੱਸ ਵਾਲੇ ਪਲਾਨ ਨੂੰ ਅਮਲੀ ਰੂਪ ਵਿੱਚ ਲਿਆਂਦਾ। ਦਿੱਲੀ ਤੇ ਲੁਧਿਆਣਾ ਵਿੱਚ ਤਿਆਰ ਕੀਤੀ ਇਸ ਡਬਲ ਡੈਕਰ ਬੱਸ ਨੂੰ ਹਰ ਸਹੂਲਤ ਨਾਲ ਲੈਸ ਕੀਤਾ। ਹੁਣ ਗਾਹਕ ਇਸ ਡਬਲ ਡੈਕਰ ਵਾਲੇ ਰੇਸਤਰਾਂ ਅੰਦਰ ਏਸੀ ਵਿੱਚ ਬੈਠ ਕੇ ਐਲਸੀਡੀ ਦੇਖਦੇ ਹੋਏ ਚੰਗੇ ਭੋਜਨ ਦਾ ਸੁਆਦ ਲੈ ਰਿਹਾ ਹੈ। ਇੰਨਾ ਹੀ ਨਹੀਂ, ਬੱਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ।
ਉੱਥੇ ਹੀ, ਗੁਰਨੇਕ ਸਿੰਘ ਦੇ ਬੇਟੇ ਸਿਮਰਨ ਜੋਤ ਸਿੰਘ ਦਾ ਵੀ ਕਹਿਣਾ ਹੈ ਕਿ ਉਹ ਅਜੇ ਆਪਣੀ ਪੜ੍ਹਾਈ ਕਰ ਰਿਹਾ ਹੈ। ਉਹ ਸਵੇਰੇ ਸਕੂਲ ਜਾਂਦਾ ਹੈ ਅਤੇ ਸ਼ਾਮ ਨੂੰ ਆਪਣੇ ਪਿਤਾ ਨਾਲ ਤਿੰਨ ਚਾਰ ਵਜੇ ਤੋਂ ਲੈਕੇ ਰਾਤ ਦੇ ਦੱਸ ਵਜੇ ਤੱਕ ਇੱਥੇ ਹੀ ਕੰਮ ਕਰਦਾ ਹੈ। ਬਾਕੀ ਬੱਚਿਆਂ ਵਾਂਗ ਵਿਦੇਸ਼ ਜਾਣ ਬਾਰੇ ਉਸ ਦਾ ਕਹਿਣਾ ਹੈ ਕਿ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦਾ। ਵਿਦੇਸ਼ ਜਾਣ ਦੀ ਬਜਾਏ ਉਹ ਇੱਥੇ ਰਹਿ ਕੇ ਹੀ ਆਪਣੇ ਪਿਤਾ ਦੇ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ।
ਗਾਹਕਾਂ ਨੇ ਜਤਾਈ ਸੰਤੁਸ਼ਟੀ:ਕਰਤਾਰਪੁਰ ਵਿਚ ਖੁੱਲੇ ਇਸ ਬੱਸ ਰੇਸਤਰਾਂ ਨੂੰ ਆਮ ਲੋਕ ਵੀ ਖੂਬ ਪਸੰਦ ਕਰ ਰਹੇ ਹਨ। ਇੱਥੇ ਪਹੁੰਚੇ ਗਾਹਕਾਂ ਦਾ ਕਹਿਣਾ ਹੈ ਕਿ ਇਥੇ ਦਾ ਖਾਣਾ ਤਾਂ ਸਵਾਦ ਹੈ, ਹੀ ਪਰ ਜੋ ਇੱਥੇ ਬੈਠਕੇ ਖਾਣ ਵਿੱਚ ਮਜ਼ਾ ਆਉਂਦਾ ਹੈ, ਉਸ ਦਾ ਇੱਕ ਅਲੱਗ ਹੀ ਮਜ਼ਾ ਹੈ। ਉਨ੍ਹਾਂ ਮੁਤਾਬਕ ਜੋ ਵੀ ਇੱਕ ਵਾਰ ਇੱਥੇ ਆਉਂਦਾ ਹੈ, ਉਹ ਫਿਰ ਵਾਰ ਵਾਰ ਇੱਥੇ ਆਉਂਦਾ ਹੈ।