ਜਲੰਧਰ: ਬੀਤੇ ਦਿਨ ਜਲੰਧਰ ਦੇ ਕਪੂਰਥਲਾ ਚੌਕ 'ਚ 15 ਸਾਲਾ ਕੁੜੀ ਕੁਸੁਮ, ਜਿਸਦਾ ਲੁਟੇਰਿਆਂ ਨਾਲ ਮੁਕਾਬਲਾ ਕਰਦੇ ਹੋਏ ਹੱਥ ਕੱਟਿਆ ਗਿਆ ਸੀ। ਮੰਗਲਵਾਰ ਨੂੰ ਡਾਕਟਰਾਂ ਨੇ ਕੁਸੁਮ ਦੇ ਹੱਥ ਦੀ ਕਲਾਈ ਨੂੰ ਸਫਲ ਅਪ੍ਰੇਸ਼ਨ ਕਰਦੇ ਹੋਏ ਜੋੜ ਦਿੱਤਾ ਹੈ।
ਇਸ ਮੌਕੇ ਡਾਕਟਰ ਕੁਸੁਮ ਦਾ ਇਲਾਜ ਕਰਨ ਵਾਲੇ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੁਸੁਮ ਦੀ ਕਲਾਈ ਜੋੜ ਦਿੱਤੀ ਗਈ ਹੈ ਅਤੇ ਤਿੰਨ ਹਫਤੇ ਬਾਅਦ ਪਲੱਸਤਰ ਖੋਲ੍ਹ ਦਿੱਤਾ ਜਾਵੇਗਾ ਅਤੇ ਉਹ ਬਿਲਕੁਲ ਠੀਕ ਹੋ ਜਾਵੇਗੀ।
ਹਸਪਤਾਲ ਵਿੱਚ ਜ਼ੇਰੇ ਇਲਾਜ ਬਹਾਦੁਰ ਕੁੜੀ ਕੁਸੁਮ ਦੀ ਹਾਲਤ ਜਾਣਨ ਲਈ ਜਲੰਧਰ ਦੇ ਜੁਆਇੰਟ ਪੁਲਿਸ ਕਮਿਸ਼ਨਰ ਚਰਨਜੀਤ ਸਿੰਘ ਵੀ ਪੁੱਜੇ। ਉਨ੍ਹਾਂ ਕੁਸੁਮ ਦੀ ਸਿਹਤ ਬਾਰੇ ਉਸ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਆਸ਼ੂ ਵਿਰੁੱਧ ਪਹਿਲਾਂ ਤੋਂ ਹੀ 6 ਕੇਸ ਦਰਜ ਹਨ ਅਤੇ ਵਿਨੋਦ ਉਰਫ਼ ਗੀਗਾ ਵਿਰੁੱਧ ਚਾਰ ਕੇਸ ਦਰਜ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੋਵੇਂ ਕੋਰੋਨਾ ਕਾਰਨ ਪੈਰੋਲ 'ਤੇ ਸਨ। ਉਨ੍ਹਾਂ ਕਿਹਾ ਕਿ ਦੂਜੇ ਮੁਲਜ਼ਮ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।