ਜਲੰਧਰ: ਪਿਛਲੇ ਕੁੱਝ ਸਮੇਂ ਤੋਂ ਸ੍ਰੀਲੰਕਾ ਵਿੱਚ ਵਿਗੜੇ ਹਾਲਾਤਾਂ ਦਾ ਅਸਰ ਹੁਣ ਜਲੰਧਰ ਦੇ ਉਦਯੋਗਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ, ਇਨ੍ਹਾਂ ਹਾਲਾਤਾਂ ਦਾ ਅਸਰ ਜਲੰਧਰ ਦੀ ਹੈਂਡ ਟੂਲ, ਸਪੋਰਟਸ, ਖੇਤੀਬਾੜੀ ਲਈ ਇਸਤੇਮਾਲ ਹੋਣ ਵਾਲੇ ਸਮਾਨ ਬਣਾਉਣ ਵਾਲੇ ਉਦਯੋਗਾਂ 'ਤੇ ਸਿੱਧੇ ਤੌਰ 'ਤੇ ਪੈ ਰਿਹਾ ਹੈ।
ਇਨ੍ਹਾਂ ਉਦਯੋਗਾਂ ਦੇ ਮਾਲਕਾਂ ਨੂੰ ਹੁਣ ਆਪਣੇ ਕਰੋੜਾਂ ਰੁਪਏ ਦੀ ਪੇਮੈਂਟ ਦਾ ਸਿਖਰ ਟਾਈਮ ਦੇ ਨਾਲ ਨਾਲ ਉਨ੍ਹਾਂ ਆਰਡਰਾਂ ਦਾ ਵੀ ਫ਼ਿਕਰ ਪੈ ਗਿਆ ਹੈ, ਜੋ ਉਨ੍ਹਾਂ ਨੂੰ ਸ੍ਰੀਲੰਕਾ ਤੋਂ ਪਹਿਲਾਂ ਹੀ ਆਏ ਹੋਏ ਹਨ। ਜੇਕਰ ਇਕੱਲੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੀ ਹੈਂਡ ਟੂਲ ਇੰਡਸਟਰੀ ਦਾ ਕਰੀਬ 5 ਤੋਂ 7 ਕਰੋੜ ਰੁਪਿਆ ਉਧਰ ਖੇਡ ਉਦਯੋਗ ਦਾ 2 ਤੋਂ 4 ਕਰੋੜ ਰੁਪਿਆ ਸ੍ਰੀਲੰਕਾ ਦੇ ਹਾਲਾਤਾਂ ਕਰਕੇ ਉੱਥੇ ਫਸਿਆ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਉਦਯੋਗਪਤੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ੍ਰੀਲੰਕਾ ਦੇ ਵਿਗੜੇ ਹਾਲਾਤਾਂ ਕਰਕੇ ਜਲੰਧਰ ਦੇ ਉਦਯੋਗਾਂ ਦਾ ਕਰੋੜਾਂ ਰੁਪਿਆ ਉੱਥੇ ਫਸ ਗਿਆ ਹੈ, ਇਹੀ ਨਹੀਂ ਇਸ ਦੇ ਨਾਲ ਹੀ ਕਰੋੜਾਂ ਰੁਪਏ ਦੇ ਆਰਡਰ ਵੀ ਹੁਣ ਪੈਂਡਿੰਗ ਹੋ ਗਏ ਹਨ। ਜਿਨ੍ਹਾਂ ਨੂੰ ਤਿਆਰ ਕਰਕੇ ਸ੍ਰੀਲੰਕਾ ਭੇਜਿਆ ਜਾਣਾ ਸੀ।