ਜਲੰਧਰ: ਇੱਕ ਪਾਸੇ ਜਿਥੇ ਕੋਰੋਨਾ ਦੇ ਮਾਮਲੇ ਦਿਨ ਪਰ ਦਿਨ ਵਧਦੇ ਜਾ ਰਹੇ ਹਨ। ਉਥੇ ਹੀ ਸਿਹਤ ਮਹਿਕਮੇ ਵੱਲੋਂ ਵੀ ਇਸ ਨੂੰ ਕਾਬੂ ਕਰਨ ਲਈ ਜਿੱਥੇ ਇੱਕ ਪਾਸੇ ਹਸਪਤਾਲਾਂ 'ਚ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਕੋਰੋਨਾ ਦੇ ਟੈਸਟਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਜਲੰਧਰ 'ਚ ਵੀ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਕਈ ਥਾਵਾਂ 'ਤੇ ਕੋਵਿਡ ਟੈਸਟਿੰਗ ਸੈਂਟਰ ਬਣਾ ਕੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਜਲੰਧਰ 'ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਥੇ ਮਰੀਜ਼ਾਂ ਨੂੰ ਹੋਮ ਆਈਸੋਲੇਟ ਕਰਨ ਦੇ ਨਾਲ-ਨਾਲ ਹਸਪਤਾਲਾਂ 'ਚ ਭਰਤੀ ਮਰੀਜ਼ਾਂ ਨੂੰ ਜ਼ਰੂਰੀ ਇਲਾਜ ਦਿੱਤਾ ਜਾ ਰਿਹਾ ਹੈ, ਉਥੇ ਹੀ ਕੋਰੋਨਾ ਟੈਸਟਾਂ ਨੂੰ ਲੈਕੇ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ।