ਜਲੰਧਰ: ਪਿਛਲੇ ਚਾਰ ਮਹੀਨਿਆਂ ਤੋਂ ਕੋਰੋਨਾ ਕਰਕੇ ਲੋਕ ਆਪਣਿਆਂ ਤੋਂ ਹੀ ਦੂਰੀ ਬਣਾਕੇ ਰੱਖਣਾ ਬਿਹਤਰ ਸਮਝਦੇ ਹਨ। ਕਈ ਮਾਮਲੇ ਅਜਿਹੇ ਵੀ ਹਨ ਜਿੱਥੇ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦਾ ਉਸ ਦੇ ਘਰਦਿਆਂ ਨੇ ਸਾਥ ਛੱਡ ਦਿੱਤਾ ਹੈ। ਪਰ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਵੀ ਹੈਲਥ ਵਰਕਰ ਮਰੀਜ਼ ਦੇ ਕੋਲ ਜਾ ਕੇ ਉਸ ਦਾ ਇਲਾਜ ਕਰ ਰਹੇ ਹਨ।
ਕੋਰੋਨਾ ਪੌਜ਼ੀਟਿਵ ਮਹਿਲਾ ਦੀ ਡਿਲੀਵਰੀ ਕਰਵਾ ਮਿਸਾਲ ਬਣੀ ਜਲੰਧਰ ਦੀ ਡਾਕਟਰ ਜਲੰਧਰ ਸਿਵਲ ਹਸਪਤਾਲ ਵਿੱਚ ਪਹਿਲਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਕਰੋਨਾ ਪੌਜ਼ੀਟਿਵ ਮਹਿਲਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਬੱਚਾ ਅਤੇ ਉਸ ਦੀ ਮਾਂ ਦੋਵੇਂ ਤੰਦਰੁਸਤ ਹਨ ਅਤੇ ਕੋਰੋਨਾ ਪੌਜ਼ੀਟਿਵ ਮਹਿਲਾ ਦੀ ਡਿਲੀਵਰੀ ਕਰਨ ਵਾਲੀ ਡਾਕਟਰ ਅਤੇ ਨਾਲ ਦੇ ਸਟਾਫ ਦੀ ਸਾਰੇ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਜਲੰਧਰ ਦੇ ਸਿਵਲ ਹਸਪਤਾਲ ਦੀ ਗਾਇਨੀ ਵਾਰਡ ਦੀ ਡਾਕਟਰ ਗੁਰਮੀਤ ਸਹਿਗਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਇੱਕ ਫੋਨ ਆਈਆ ਸੀ ਕਿ ਸਿਵਲ ਹਸਪਤਾਲ ਵਿੱਚ ਇੱਕ ਕੋਰੋਨਾ ਪੌਜ਼ੀਟਿਵ ਮਹਿਲਾ ਦੀ ਡਿਲੀਵਰੀ ਕੀਤੀ ਜਾਣੀ ਹੈ। ਜਦ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੇ ਘਰੋਂ ਸਿਵਲ ਹਸਪਤਾਲ ਪਹੁੰਚੇ ਅਤੇ ਆਪਣੀ ਪੂਰੀ ਟੀਮ ਨਾਲ ਇਸ ਡਿਲੀਵਰੀ ਦੀ ਤਿਆਰੀ ਸ਼ੁਰੂ ਕੀਤੀ।
ਮਹਿਲਾ ਦੇ ਕੋਰੋਨਾ ਪੌਜ਼ੀਟਿਵ ਹੋਣ ਦੇ ਬਾਵਜੂਦ ਡਾਕਟਰ ਸਮੇਤ ਪੂਰੀ ਟੀਮ ਨੇ ਮਹਿਲਾ ਦੀ ਡਿਲੀਵਰੀ ਕੀਤੀ ਅਤੇ ਇਸ ਮਹਿਲਾ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਡਾਕਟਰ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਹਰ ਉਹ ਸਾਵਧਾਨੀ ਵਰਤੀ ਜਿਸ ਨਾਲ ਮਹਿਲਾ ਅਤੇ ਬੱਚੇ ਸਮੇਤ ਉਨ੍ਹਾਂ ਦੀ ਟੀਮ ਨੂੰ ਕੋਈ ਨੁਕਸਾਨ ਨਾ ਹੋਵੇ।