ਜਲੰਧਰ : ਅੰਮ੍ਰਿਤਸਰ ਫੇਰੀ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਪਹੁੰਚੇ। ਇਥੇ ਉਹ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਪੁੱਜੇ।
ਇਥੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ਸਨ। ਮੁੱਖ ਮੰਤਰੀ ਨੇ ਇਥੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਤੇ ਉਨ੍ਹਾਂ ਨੇ ਸੰਤ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲਿਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ, ਉਹ ਇਥੇ ਨਤਮਸਤਕ ਹੋ ਕੇ ਗੁਰੂ ਰਵਿਦਾਸ ਜੀ ਤੇ ਸੰਤ ਮਹਾਪੁਰਸ਼ਾਂ ਦਾ ਅਸ਼ੀਰਦਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਡੇਰਾ ਬੱਲਾਂ ਦੇ ਨਾਲ ਲੱਗਦੀ 101 ਏਕੜ ਜ਼ਮੀਨ ਸਾਨੂੰ ਮਿਲ ਜਾਂਦੀ ਹੈ ਤਾਂ ਇਥੇ ਸ੍ਰੀ ਗੁਰੂ ਰਵਿਦਾਸ ਜੀ ਚੇਅਰ ਸਥਾਪਤ ਕੀਤੀ ਜਾਵੇਗੀ।
ਮੁੱਖ ਮੰਤਰੀ ਵੱਲੋਂ ਸੱਚਖੰਡ ਬੱਲਾਂ ਆਉਣ 'ਤੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵੱਡੀ ਗਿਣਤੀ 'ਚ ਇਥੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਸੀਐਮ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਨੈਸ਼ਨਲ ਹਾਈਵੇ ਤੋਂ ਡੇਰਾ ਬੱਲਾਂ ਤੱਕ ਦਾ ਰੂਟ ਬੰਦ ਕੀਤਾ ਗਿਆ ਹੈ ਤੇ ਇਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਚੇਅਰ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਚਲਾਈ ਜਾਵੇਗੀ। ਇਹ ਸਭ ਕੁੱਝ ਸਰਕਾਰ ਵੱਲੋਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਰਵਿਦਾਸ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮੁੱਖ ਮੰਤਰੀ ਦੀ ਕੁਰਸੀ ਤੇ ਉਨ੍ਹਾਂ ਦਾ ਭਰਾ , ਉਨ੍ਹਾਂ ਦਾ ਪੁੱਤਰ ਬੈਠਾ ਹੈ। ਸੀਐਮ ਨੇ ਕਿਹਾ ਕਿ ਡੇਰੇ ਦੇ ਅਸ਼ਰੀਵਾਦ ਸਦਕਾ ਹੀ ਅੱਜ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕ ਭਾਵੇਂ ਉਹ ਗਰੀਬ ਹੋਣ ਜਾਂ ਕਿਸੇ ਵੀ ਜਾਤੀ ਦੇ ਹੋਣ ਉਹ ਬੇਝਿਝਕ ਆਪਣੀ ਕੋਈ ਵੀ ਪਰੇਸ਼ਾਨੀ ਉਨ੍ਹਾਂ ਨਾਲ ਸਾਂਝੀ ਕਰ ਸਕਦੇ ਹਨ, ਉਹ ਸਮਝਣ ਕਿ ਉਨ੍ਹਾਂ ਦਾ ਆਪਣਾ ਭਰਾ ਕੁਰਸੀ 'ਤੇ ਬੈਠਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਆਟਾ-ਦਾਲ ਸਾਡੀ ਕੋਈ ਮੰਗ ਨਹੀਂ ਅਸੀਂ ਆਟੇ ਦਾਲ ਜੋਗੇ ਹੀ ਨਹੀਂ ਰਹਿ ਗਏ। ਹੁਣ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਇਸ ਕਾਬਿਲ ਬਣਾਵਾਂਗੇ ਕਿ ਉਹ ਇਸ ਸਭ ਕੁਝ ਖ਼ੁਦ ਲੈ ਸਕਣ ਤੇ ਚੰਗੇ ਕੰਮ ਕਰਕੇ ਖ਼ੁਦ ਦੇ ਮਾਪਿਆਂ ਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਸਕਣ।