'ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ, ਪੰਜਾਬ ਪੁਲਿਸ ਸਰਦਾਰਾਂ ਦੇ' ...'ਤੇ ਜਦੋਂ ਸੀਐਮ ਮਾਨ ਨੇ ਪਾਇਆ ਭੰਗੜਾ ਜਲੰਧਰ: ਸ਼ੁੱਕਰਵਾਰ ਨੂੰ ਪੀਏਪੀ ਮੈਦਾਨ ਵਿੱਚ ਪੰਜਾਬ ਦੇ ਵੱਖ-ਵੱਖ ਸੈਂਟਰਾਂ ਤੋਂ ਪੁਲਿਸ ਦੀ ਟ੍ਰੇਨਿੰਗ ਪੂਰੀ ਕਰਕੇ ਪਹੁੰਚੇ 2999 ਪੁਲਿਸ ਮੁਲਾਜ਼ਮਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਲਾਮੀ ਪ੍ਰਾਪਤ ਕੀਤੀ। ਇਸ ਸਾਰੇ ਪ੍ਰੋਗਰਾਮ ਤੋਂ ਬਾਅਦ ਭਗਵੰਤ ਮਾਨ ਨੇ ਮੁਲਾਜ਼ਮਾਂ ਨਾਲ ਮਿਲ ਕੇ ਭੰਗੜਾ ਪਾਇਆ।
ਫਿਰ ਭੰਗੜੇ ਦੀ ਵਾਰੀ: ਇਸ ਸਾਰੇ ਪ੍ਰੋਗਰਾਮ ਤੋਂ ਬਾਅਦ ਸੀਐਮ ਭਗਵੰਤ ਮਾਨ ਸਾਰੇ ਪੁਲਿਸ ਮੁਲਾਜ਼ਮਾਂ ਤੇ ਸਿਪਾਹੀਆਂ ਨਾਲ ਭੰਗੜਾ ਪਾਉਂਦੇ ਨਜ਼ਰ ਆਏ। ਪੰਜਾਬੀ ਗਾਇਕ ਦਿਲਜੀਤ ਸਿੰਘ ਦੇ ਗੀਤ 'ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ, ਪੰਜਾਬ ਪੁਲਿਸ ...' ਉੱਤੇ ਥਿਰਕਦੇ ਵੇਖੇ ਗਏ। ਇਸ ਮੌਕੇ ਉਨ੍ਹਾਂ ਕੋਲ ਪੰਜਾਬ ਦੇ (Bhagwant Mann Bhangra) ਡੀਜੀਪੀ ਗੌਰਵ ਯਾਦਵ ਵੀ ਮੌਜੂਦ ਰਹੇ।
ਆਪ ਵਾਲਿਆਂ ਨੇ ਸ਼ੇਅਰ ਕੀਤੀ ਵੀਡੀਉ: ਮੱਧ ਪ੍ਰਦੇਸ਼ ਤੋਂ ਆਪ ਨੇ ਅਪਣੇ ਅਧਿਕਾਰਿਤ ਅਕਾਉਂਟ ਐਕਸ ਉੱਤੇ ਟਵੀਟ ਕਰਕੇ ਇਹ ਵੀਡੀਓ ਸ਼ੇਅਰ ਕੀਤੀ। ਲਿਖਿਆ ਕਿ -
ਜਦੋਂ ਸਰਕਾਰ ਇਮਾਨਦਾਰ ਹੋਵੇ, ਤਾਂ ਜਸ਼ਨ ਵੀ ਜ਼ੋਰਦਾਰ ਹੁੰਦਾ ਹੈ। ਅੱਜ ਪੰਜਾਬ ਦੀਆਂ ਬੱਚੀਆਂ ਨੂੰ ਸਰਕਾਰੀ ਨੌਕਰੀਆਂ ਮਿਲਣ ਉੱਤੇ ਅਪਣੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖੁਸ਼ੀ ਨਾਲ ਭੰਗੜਾ ਕੀਤਾ। ਬਿਨਾਂ ਸਿਫਾਰਿਸ਼ ਅਤੇ ਰਿਸ਼ਵਤ ਦੇ ਪੰਜਾਬ ਵਿੱਚ ਨੌਕਰੀਆਂ ਮਿਲ ਰਹੀਆਂ ਹਨ, ਕਿਉਂਕਿ ਉੱਥੇ ਆਪ ਦੀ ਸਰਕਾਰ ਹੈ।
ਇਸ ਤੋਂ ਪਹਿਲਾਂ ਗੁਜਰਾਤ ਵਿੱਚ ਕੀਤਾ ਸੀ ਗਰਬਾ:ਪਿਛਲੇ ਸਾਲਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਨਵਰਾਤਰੀ ਸਮਾਗਮ ਵਿੱਚ ਸ਼ਾਮਲ ਹੋਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ, ਮੁੱਖ ਮੰਤਰੀ ਨੂੰ ਰਾਜਕੋਟ ਵਿੱਚ ਇੱਕ ਜਨਤਕ ਸਮਾਗਮ ਵਿੱਚ ਪੰਜਾਬੀ ਸਟਾਇਲ ਭੰਗੜਾ ਕਰਦੇ ਵੇਖਿਆ (bhagwant mann garba) ਗਿਆ ਸੀ। ਇਸ ਵੀਡੀਓ ਨੂੰ ਇੱਕ ਐਕਸ ਯੂਜ਼ਰ ਵਲੋਂ ਸ਼ੇਅਰ ਕੀਤਾ ਗਿਆ ਸੀ।
AI ਦੀ ਵਰਤੋਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦਾ ਉਦੇਸ਼:ਅੱਜ ਜਲੰਧਰ ਵਿਖੇ ਪੰਜਾਬ ਪੁਲਿਸ ਵਿੱਚ ਸਿੱਧੇ ਭਰਤੀ ਹੋਏ ਸਿਪਾਹੀਆਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ 2999 ਕਾਂਸਟੇਬਲਾਂ ਦੇ ਗਰੁੱਪ ਦੀ ਪਾਸਿੰਗ ਆਊਟ ਪਰੇਡ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਪਹਿਲਕਦਮੀ ਸੂਬੇ ਵਿੱਚ ਪੁਲਿਸ ਪ੍ਰਬੰਧ ਵਿੱਚ ਹੋਰ ਸੁਧਾਰ ਲਿਆਉਣ ਲਈ ਅਹਿਮ ਸਾਬਤ ਹੋਵੇਗੀ।
ਮਾਨ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਦੇ ਮਾਮਲੇ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ ਜਿਸ ਨਾਲ ਸੂਬੇ ਵਿੱਚ ਅਮਨ ਤੇ ਕਾਨੂੰਨੀ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਦਮ ਪੁਲਿਸ ਫੋਰਸ ਨੂੰ ਵਿਗਿਆਨਕ ਲੀਹਾਂ ਉਤੇ ਢਾਲਣ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਕਈ ਅਜਿਹੀਆਂ ਤਾਕਤਾਂ ਹਨ, ਜਿਹੜੀਆਂ ਆਪਣੇ ਮਾੜੇ ਮਨਸੂਬਿਆਂ ਨਾਲ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ ਪਰ ਪੰਜਾਬ ਪੁਲਿਸ ਨੇ ਹਮੇਸ਼ਾ ਅਜਿਹੀਆਂ ਤਾਕਤਾਂ ਦੀਆਂ ਮਾੜੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦਰਪੇਸ਼ ਚੁਣੌਤੀਆਂ ਉਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ਨੂੰ ਪੜਤਾਲ, ਸਾਇੰਸ ਤੇ ਤਕਨਾਲੋਜੀ ਦੇ ਖ਼ੇਤਰ ਵਿੱਚ ਆਧੁਨਿਕ ਲੋੜਾਂ ਮੁਤਾਬਕ ਢਾਲਣ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਪੰਜਾਬ ਪੁਲਿਸ ਆਪਣੀ ਉੱਚ ਪੇਸ਼ੇਵਰ ਵਚਨਬੱਧਤਾ ਤਹਿਤ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਸ਼ਾਨਾਮੱਤੀ ਰਵਾਇਤ ਨੂੰ ਕਾਇਮ ਰੱਖੇਗੀ।