ਜਲੰਧਰ: ਪੀਏਪੀ ਮੈਦਾਨ ਵਿੱਚ ਪੰਜਾਬ ਦੇ ਵੱਖ-ਵੱਖ ਸੈਂਟਰਾਂ ਤੋਂ ਪੁਲਿਸ ਦੀ ਟ੍ਰੇਨਿੰਗ ਪੂਰੀ ਕਰਕੇ ਪਹੁੰਚੇ 2999 ਪੁਲਿਸ ਮੁਲਾਜ਼ਮਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਲਾਮੀ ਪ੍ਰਾਪਤ ਕੀਤੀ। ਸੀਐੱਮ ਮਾਨ ਨੇ ਸਲਾਮੀ ਮਗਰੋਂ ਸੰਬੋਧਨ ਦੌਰਾਨ ਟ੍ਰੇਨਰਾਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਹੋਏ ਰੰਗਰੂਟ ਭਾਵੇਂ ਉਹ ਕੁੜੀਆਂ ਹੋਣ ਜਾਂ ਮੁੰਡੇ ਉਨ੍ਹਾਂ ਨੇ ਪੂਰੇ ਤਾਲਮੇਲ ਵਿੱਚ ਇੱਕ ਫੌਜ ਦੀ ਤਰ੍ਹਾਂ ਪਰੇਡ ਕੀਤੀ ਜੋ ਕਿ ਕਾਬਲ ਏ ਤਰੀਫ ਹੈ।
ਟ੍ਰੇਨਿੰਗ ਪੂਰੀ ਕਰਨ ਵਾਲਿਆਂ ਨੂੰ ਦਿੱਤੀ ਵਧਾਈ:ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਨੇ ਨਵੇਂ ਭਰਤੀ ਰੰਗਰੂਟਾਂ ਨੂੰ ਟ੍ਰੇਨਿੰਗ ਪੂਰੀ ਹੋਣ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਤੁਸੀਂ ਮਾਪਿਆਂ ਅਤੇ ਆਪਣੇ-ਆਪਣੇ ਇਲਾਕਿਆਂ ਦਾ ਨਾਮ ਰੋਸ਼ਨ ਕੀਤਾ ਹੈ। ਮੁੱਖ ਮੰਤਰੀ ਮੁਤਾਬਿਕ ਪਿਛਲੇ ਦਿਨੀ ਇਸ ਮੈਦਾਨ ਦੇ ਅੰਦਰ 525 ਭਰਤੀ ਹੋਏ ਪੰਜਾਬ ਪੁਲਿਸ ਦੇ ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ,ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਢੋਲ ਵਜਾ ਕੇ ਖੁਸ਼ੀਆਂ ਮਨਾਈਆਂ ਸਨ ਅਤੇ ਅਜਿਹੀਆਂ ਖੁਸ਼ੀਆਂ ਹੁਣ ਪੰਜਾਬ ਦੇ ਲੋਕ ਸਾਂਝੀਆਂ ਕਰਦੇ ਰਹਿਣਗੇ।
ਕਮਾਂਡਰ ਮਨਪ੍ਰੀਤ ਕੌਰ ਦੀ ਕੀਤੀ ਸ਼ਲਾਘਾ: ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਤੌਰ ਉੱਤੇ ਸਲਾਮੀ ਦੌਰਾਨ ਕਮਾਂਡ ਕਰ ਰਹੀ ਮਨਪ੍ਰੀਤ ਕੌਰ ਕਮਾਂਡਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਕੁੜੀਆਂ ਦੀ ਮਿਹਨਤ ਅਤੇ ਜਜ਼ਬੇ ਤੋਂ ਜਿੱਥੇ ਹੈਰਾਨ ਸਨ ਉੱਥੇ ਇੱਕ ਹੌਂਸਲਾ ਵੀ ਸੀ ਕਿ ਹੁਣ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੇ ਜੌਹਰ ਵਿਖਾਉਣ ਲਈ ਅੱਗੇ ਆ ਰਹੀਆਂ ਹਨ।(Police passing out parade in Jalandhar)
ਜਾਰੀ ਰਹਿਣਗੀਆਂ ਭਰਤੀਆਂ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ 30 ਹਜ਼ਾਰ ਤੋਂ ਜ਼ਿਆਦਾ ਯੋਗ ਕੁੜੀਆਂ-ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਨੇ। ਇਹ ਭਰਤੀਆਂ ਪੂਰੀ ਪਾਰਦਰਸ਼ਤਾ ਨਾਲ ਬਿਨ੍ਹਾਂ ਕਿਸੇ ਸਿਫਾਰਿਸ਼ ਤੋਂ ਸਿਰੇ ਚੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਪੂਰੀ ਵਿਧੀ ਦੇ ਤਹਿਤ ਪਹਿਲਾਂ ਨੋਟੀਫਿਕੇਸ਼ਨ ਕੱਢਿਆ ਜਾਂਦਾ ਹੈ ਫਿਰ ਭਰਤੀ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਹਾਈਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਨਿਯੁਕਤੀ ਪੱਤਰ ਸਿਲੈਕਟ ਹੋਏ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਦੀ ਘਾਟ ਉੱਤੇ ਕਾਬੂ ਪਾਉਣ ਲਈ ਅਗਲੇ ਚਾਰ ਸਾਲਾਂ ਤੱਕ ਪੰਜਾਬ ਪੁਲਿਸ ਵਿੱਚ ਹਰੇਕ ਸਾਲ 1800 ਕਾਂਸਟੇਬਲ ਅਤੇ 300 ਸਬ ਇੰਸਪੈਕਟਰ ਭਰਤੀ ਕਰਨ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 2100 ਆਸਾਮੀਆਂ ਲਈ ਹਰੇਕ ਸਾਲ ਤਕਰੀਬਨ 2.50 ਲੱਖ ਉਮੀਦਵਾਰਾਂ ਦੇ ਅਰਜ਼ੀਆਂ ਦੇਣ ਦੀ ਸੰਭਾਵਨਾ ਹੈ। ਇਨ੍ਹਾਂ ਸੰਭਾਵੀ ਉਮੀਦਵਾਰਾਂ ਨੂੰ ਆਪਣੀ ਵਿੱਦਿਅਕ ਯੋਗਤਾ ਦੇ ਨਾਲ-ਨਾਲ ਸਰੀਰਕ ਯੋਗਤਾ ਵਿੱਚ ਸੁਧਾਰ ਦਾ ਮੌਕਾ ਦੇਣ ਲਈ ਭਰਤੀ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਉਣ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਜਾਲ ਤੋਂ ਮੁਕਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।
ਸ਼ਾਨਾਮੱਤੀ ਰਵਾਇਤ: ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਕਈ ਅਜਿਹੀਆਂ ਤਾਕਤਾਂ ਹਨ, ਜਿਹੜੀਆਂ ਆਪਣੇ ਮਾੜੇ ਮਨਸੂਬਿਆਂ ਨਾਲ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ ਪਰ ਪੰਜਾਬ ਪੁਲਿਸ ਨੇ ਹਮੇਸ਼ਾ ਅਜਿਹੀਆਂ ਤਾਕਤਾਂ ਦੀਆਂ ਮਾੜੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦਰਪੇਸ਼ ਚੁਣੌਤੀਆਂ ਉੱਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ਨੂੰ ਪੜਤਾਲ, ਸਾਇੰਸ ਤੇ ਤਕਨਾਲੋਜੀ ਦੇ ਖ਼ੇਤਰ ਵਿੱਚ ਆਧੁਨਿਕ ਲੋੜਾਂ ਮੁਤਾਬਕ ਢਾਲਣ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਪੰਜਾਬ ਪੁਲਿਸ ਆਪਣੀ ਉੱਚ ਪੇਸ਼ੇਵਰ ਵਚਨਬੱਧਤਾ ਤਹਿਤ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਸ਼ਾਨਾਮੱਤੀ ਰਵਾਇਤ ਨੂੰ ਕਾਇਮ ਰੱਖੇਗੀ।
ਪਿਛਲੀ ਸਰਕਾਰ ਉੱਤੇ ਨਿਸ਼ਾਨਾ:ਸੀਐੱਮ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਿਰਫ ਵੋਟਾਂ ਵੇਲੇ ਭਰਤੀਆਂ ਕੱਢਦੀਆਂ ਸਨ ਤਾਂ ਜੋ ਲੋਕ ਜੁਆਇਨਿੰਗ ਦੇ ਚੱਕਰ ਵਿੱਚ ਉਨ੍ਹਾਂ ਨੂੰ ਵੋਟਾਂ ਪਾਕੇ ਜਿਤਾ ਦੇਣ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਲਈ ਨਹੀਂ ਸਗੋਂ ਪੰਜਾਬ ਦੇ ਭਲੇ ਲਈ ਪਹਿਲੇ ਦਿਨ ਤੋਂ ਕੰਮ ਕਰ ਰਹੀ ਹੈ ਅਤੇ ਇਸ ਦੇ ਤਹਿਤ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ ਅਤੇ ਅੱਗੇ ਵੀ ਮਿਲਦੀਆਂ ਰਹਿਣਗੀਆਂ।