ਜਲੰਧਰ: ਆਮ ਆਦਮੀ ਪਾਰਟੀ ਨੇ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਭਾਜਪਾ ਆਪ ਅਤੇ ਕੇਜਰੀਵਾਲ ਦੀ ਵਧਦੀ ਪ੍ਰਸਿੱਧੀ ਕਾਰਨ ਖ਼ੌਫ਼ ਵਿੱਚ ਹੈ। 'ਆਪ' ਆਗੂ ਅਤੇ ਵਰਕਰ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਜਾਂਚ ਦੇ ਖ਼ਿਲਾਫ਼ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ 'ਆਪ' ਲੀਡਰਾਂ ਨੂੰ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ‘ਆਪ’ ਪੰਜਾਬ ਨੇ ਭਾਜਪਾ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ।
‘ਆਪ’ ਆਗੂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮਹਿੰਦਰ ਭਗਤ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸਕੱਤਰ ਰਾਜਵਿੰਦਰ ਕੌਰ ਥਿਆੜਾ, ਜਗਰੂਪ ਸੇਖਵਾਂ ਅਤੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਅੱਜ ਇਸ ਮਾਮਲੇ ਨੂੰ ਲੈ ਕੇ ਇੱਥੇ ਜਲੰਧਰ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਪੁਰਾਣੀਆਂ ਪਾਰਟੀਆਂ ਹਨ, ਪਰ ‘ਆਪ’ ਨੇ ਸਿਰਫ਼ 10 ਸਾਲਾਂ ਵਿੱਚ ਹੀ ਕੌਮੀ ਪਾਰਟੀ ਦਾ ਖ਼ਿਤਾਬ ਹਾਸਲ ਕਰ ਲਿਆ ਹੈ। ਅਸੀਂ ਜਿੱਥੇ ਵੀ ਚੋਣਾਂ ਲੜ ਰਹੇ ਹਾਂ ਉੱਥੇ ਲੋਕਾਂ ਦਾ ਸਮਰਥਨ ਵੀ ਹਾਸਲ ਕਰ ਰਹੇ ਹਾਂ।
"ਆਮ ਲੋਕ ਆਮ ਆਦਮੀ ਪਾਰਟੀ ਦੇ ਨਾਲ" :ਚੀਮਾ ਨੇ ਕਿਹਾ ਕਿ ਆਮ ਲੋਕ ‘ਆਪ’ ਦੇ ਨਾਲ ਹਨ, ਉਹ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਸੰਦ ਕਰਦੇ ਹਨ। ਰਵਾਇਤੀ ਪਾਰਟੀਆਂ ਨੇ 70 ਸਾਲਾਂ ਤੱਕ ਆਮ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਮਿਆਰੀ ਇਲਾਜ ਤੋਂ ਵਾਂਝਾ ਰੱਖਿਆ, ਪਰ ਪਹਿਲਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਇਹ ਸਭ ਕੁੱਝ ਸੰਭਵ ਕੀਤਾ ਅਤੇ ਆਮ ਅਤੇ ਗ਼ਰੀਬ ਲੋਕਾਂ ਦੀ ਪਹੁੰਚ ਵਿੱਚ ਕੀਤਾ ਅਤੇ ਹੁਣ ਪੰਜਾਬ ਦੀ ਮਾਨ ਸਰਕਾਰ ਸੂਬੇ ਦੇ ਲੋਕਾਂ ਲਈ ਅਜਿਹਾ ਹੀ ਕਰ ਰਹੀ ਹੈ, ਪਰ ਭਾਜਪਾ ਸਰਕਾਰ ਵਿਰੋਧੀ ਆਗੂਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਅੱਜ ਸਿੱਖਿਆ ਅਤੇ ਸਿਹਤ ਕ੍ਰਾਂਤੀ ਨੂੰ ਹਕੀਕਤ ਬਣਾਉਣ ਵਾਲੇ ਆਗੂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਝੂਠੇ ਕੇਸਾਂ ਵਿੱਚ ਜੇਲ੍ਹ ਵਿੱਚ ਹਨ, ਪਰ ਮੋਦੀ ਦੇ ਸਰਮਾਏਦਾਰ ਦੋਸਤ ਅੰਬਾਨੀ-ਅਡਾਨੀ ਸਾਡੇ ਦੇਸ਼ ਨੂੰ ਲੁੱਟ ਰਹੇ ਹਨ।