ਜਲੰਧਰ: ਅੱਜਕੱਲ੍ਹ ਦੀ ਦੁਨੀਆ ਵਿੱਚ ਮਹਿੰਗਾਈ ਦੇ ਚੱਲਦੇ ਜਿੱਥੇ ਇਕ ਆਮ ਇਨਸਾਨ ਕੋਲੋਂ ਆਪਣੇ ਘਰ ਦਾ ਖ਼ਰਚ ਚੁੱਕਣਾ ਮੁਸ਼ਕਿਲ ਹੋਇਆ ਹੋਇਆ ਪਿਆ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਹੌਲ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਇਕੱਲੇ ਆਪਣੇ ਸਿਰ ’ਤੇ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਕੁਝ ਅਜਿਹਾ ਕਰ ਰਹੇ ਹਨ ਜੋ ਸਮਾਜ ਵਿੱਚ ਇੱਕ ਮਿਸਾਲ ਬਣ ਗਿਆ ਹੈ।
ਮਹਿਜ਼ ਪੰਜ ਰੁਪਏ ਵਿੱਚ ਦੇਸੀ ਘਿਓ ਨਾਲ ਬਣਿਆ ਖਾਣਾ: ਅਜਿਹਾ ਹੀ ਕੁਝ ਦੇਖਣ ਨੂੰ ਮਿਲਦਾ ਹੈ ਜਲੰਧਰ ਦੀ ਰੇਲਵੇ ਰੋਡ ਨੇੜੇ ਮੰਡੀ ਫੈਂਟਨ ਗੰਜ ਵਿਖੇ। ਇੱਥੇ ਦੇ ਇਕ ਘਰ ਦੇ ਵਿਹੜੇ ਵਿੱਚ ਦੁਪਹਿਰ ਇਕ ਵਜੇ ਤੇ ਤਿੰਨ ਵਜੇ ਤੱਕ ਗ਼ਰੀਬ ਅਤੇ ਲੋੜਵੰਦ ਲੋਕ ਖਾਣਾ ਖਾਣ ਲਈ ਪਹੁੰਚ ਜਾਂਦੇ ਹਨ। . ਇਸ ਥਾਂ ਦੀ ਖਾਸੀਅਤ ਇਹ ਹੈ ਕਿ ਇੱਥੇ ਮਹਿਜ਼ ਪੰਜ ਰੁਪਏ ਵਿੱਚ ਅਜਿਹੇ ਲੋਕਾਂ ਨੂੰ ਦੇਸੀ ਘਿਓ ਨਾਲ ਬਣਿਆ ਖਾਣਾ ਮੁਹੱਈਆ ਕਰਵਾਇਆ ਜਾਂਦਾ ਜੋ ਆਰਥਿਕ ਪੱਖੋ ਕਮਜੋਰ ਹੁੰਦੇ ਹਨ। ਸ਼ਹਿਰ ਦੇ ਇੱਕ ਕਾਰੋਬਾਰੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਅੱਜ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਾਰੋਬਾਰੀ ਵੱਲੋਂ ਆਪਣੀ ਮਾਂ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਪੰਜ ਰੁਪਏ ਦਾ ਇਹ ਖਾਣਾ : ਇੱਥੇ ਬੈਠ ਕੇ ਇਸ ਪੂਰੀ ਕੰਮ ਦੀ ਨਿਗਰਾਨੀ ਕਰ ਰਹੇ ਕਾਰੋਬਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਰਜਿੰਦਰਪਾਲ ਗੁਪਤਾ ਦਾ ਕਹਿਣਾ ਹੈ ਕਿ ਹਾਲਾਂਕਿ ਕਾਰੋਬਾਰੀ ਆਪਣਾ ਨਾਮ ਕਿਸੇ ਨੂੰ ਜ਼ਾਹਿਰ ਨਹੀਂ ਕਰਨਾ ਚਾਹੁੰਦੇ ਪਰ ਇਨ੍ਹਾਂ ਵੱਲੋਂ ਇਸ ਕੰਮ ਦੀ ਸ਼ੁਰੂਆਤ ਆਪਣੀ ਮਾਂ ਦੀ ਯਾਦ ਵਿੱਚ ਕੀਤੀ ਗਈ ਹੈ ਅਤੇ ਇਸੇ ਕਰਕੇ ਇਸ ਦਾ ਨਾਮ ਓਮ ਆਸ਼ਾ ਚੈਰੀਟੇਬਲ ਟਰੱਸਟ ਰੱਖਿਆ ਗਿਆ ਹੈ। ਉਨ੍ਹਾਂ ਦੇ ਮੁਤਾਬਕ ਕਾਰੋਬਾਰੀ ਦੇ ਪਿਤਾ ਦਾ ਨਾਮ ਓਮ ਪ੍ਰਕਾਸ਼ ਸੀ ਅਤੇ ਮਾਤਾ ਦਾ ਨਾਮ ਆਸ਼ਾ ਸੀ ਜਿਨ੍ਹਾਂ ਦੇ ਨਾਮ ਉੱਪਰ ਇਹ ਸਾਰਾ ਕਾਰਜ ਕੀਤਾ ਜਾ ਰਿਹਾ ਹੈ।
ਖਾਣ ਪੀਣ ਦੇ ਨਾਲ ਨਾਲ ਸਾਫ਼ ਸਫ਼ਾਈ ਦਾ ਵੀ ਰੱਖਿਆ ਜਾਂਦਾ ਹੈ ਖਾਸ ਖਿਆਲ : ਦੱਸ ਦਈਏ ਕਿ ਕੋਈ ਇਨਸਾਨ ਇਸ ਥਾਂ ਤੇ ਪਹੁੰਚਦਾ ਹੈ ਤਾ ਚਾਹੇ ਏਥੇ ਸੋ ਬੰਦਾ ਖਾਣਾ ਖਾ ਰਿਹਾ ਹੋਵੇ ਪਰ ਬਿਲਕੁਲ ਵੀ ਗੰਦਗੀ ਨਜ਼ਰ ਨਹੀਂ ਆਉਂਦੀ। ਸਟਾਫ ਵੱਲੋਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਬੱਚਿਆਂ ਬਜ਼ੁਰਗਾਂ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਹੀ ਖਾਣਾ ਸਰਵ ਕੀਤਾ ਜਾਵੇ ਜਿੰਨਾ ਉਹ ਖਾ ਸਕਦੇ ਹਨ ਤਾਂ ਕੀ ਗੰਦਗੀ ਅਤੇ ਵੇਸਟੇਜ ਬਿਲਕੁਲ ਨਾ ਹੋਵੇ।