ਜਲੰਧਰ: ਲੰਮਾ ਪਿੰਡ ਤੋ ਗੁਰੂ ਗੋਬਿੰਦ ਸਿੰਘ ਐਵਨਿਊ ਰੋਡ ਉੱਤੇ ਦੇਰ ਰਾਤ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਹੈ ਕਿ ਇੱਕ ਕਾਰੋਬਾਰੀ ਕੋਲੋਂ ਗੋਲੀ ਮਾਰ ਕੇ ਲੁਟੇਰਿਆਂ ਨੇ ਵਰਨਾ ਕਾਰ ਲੁੱਟ ਲਈ। ਗੋਲੀ ਕਾਰੋਬਾਰੀ ਦੇ ਪੈਰ ਵਿੱਚ ਲੱਗੀ ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
ਵਪਾਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਦੇਰ ਰਾਤ ਚੰਡੀਗੜ੍ਹ ਤੋ ਘਰ ਵਾਪਸ ਆ ਰਹੇ ਸਨ। ਜਦੋ ਉਹ ਲੰਮਾ ਪਿੰਡ ਤੋ ਗੁਰੂ ਗੋਬਿੰਦ ਸਿੰਘ ਐਵਨਿਊ ਰੋਡ ਉਤੇ ਪੁੱਜੇ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਕੁਝ ਨੌਜਵਾਨਾਂ ਨੇ ਘੇਰ ਲਿਆ। ਜਦੋਂ ਤੱਕ ਉਹ ਕੁਝ ਸਮਝ ਪਾਉਂਦੇ, ਉਦੋਂ ਤੱਕ ਲੁਟੇਰਿਆਂ ਨੇ ਉਸ ਦੇ ਪੈਰ ਉੱਤੇ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਤੋਂ ਕਾਰ ਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ।