ਜਲੰਧਰ: 26 ਜੁਲਾਈ ਨੂੰ ਪੂਰਾ ਦੇਸ਼ ਕਾਰਗਿਲ ਵਿਖੇ ਭਾਰਤ ਪਾਕਿਸਤਾਨ ਵਿਚਕਾਰ ਹੋਏ ਯੁੱਧ ਵਿੱਚ ਭਾਰਤ ਦੀ ਜਿੱਤ ਦੀ ਖੁਸ਼ੀ ਵਿਜੇ ਦਿਵਸ ਦੇ ਰੂਪ ਵਿਚ ਮਨਾ ਰਿਹਾ ਹੈ। ਕਾਰਗਿਲ ਦੀ ਜੰਗ ਭਾਰਤੀ ਫ਼ੌਜ ਦੀ ਬੇਮਿਸਾਲ ਬਹਾਦਰੀ ਦੇ ਜਜ਼ਬੇ ਦੀ ਗਵਾਹੀ ਭਰਦੀ ਹੈ। ਇਸ ਜੰਗ 'ਚ ਸੈਂਕੜੇ ਵੀਰ ਜਵਾਨਾਂ ਨੇ ਸ਼ਹਾਦਤਾਂ ਦੇ ਕੇ ਜਿੱਥੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਿਆ, ਉੱਥੇ ਹੀ ਦੁਨੀਆ ਭਰ 'ਚ ਭਾਰਤੀ ਫ਼ੌਜ ਦੀ ਦਲੇਰੀ ਦੀ ਮਿਸਾਲ ਪੇਸ਼ ਕੀਤੀ ਸੀ।
ਜੰਗ 'ਚ 527 ਫੌਜੀ ਜਵਾਨ ਹੋਏ ਸਨ ਸ਼ਹੀਦ
ਜ਼ਿਕਰਯੋਗ ਹੈ ਕਿ 3 ਮਈ 1999 ਤੋਂ ਲੈ ਕੇ 26 ਜੁਲਾਈ 1999 ਤੱਕ ਚੱਲੇ ਇਸ ਯੁੱਧ ਵਿੱਚ ਜਿੱਤ ਪਾਉਣ ਲਈ ਦੇਸ਼ ਦੇ 527 ਫੌਜੀ ਵੀਰਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਅਤੇ 1363 ਫੌਜੀ ਜ਼ਖਮੀ ਹੋਏ ਸੀ। ਵਿਜੇ ਦਿਵਸ ਵਾਲੇ ਦਿਨ ਜਿੱਥੇ ਪੂਰਾ ਦੇਸ਼ ਇਸ ਜੰਗ ਨੂੰ ਜਿੱਤਣ ਦੀ ਖੁਸ਼ੀ ਮਨਾਉਂਦਾ ਹੈ, ਉਸ ਦੇ ਨਾਲ ਨਾਲ ਇਸ ਜੰਗ ਵਿੱਚ ਸ਼ਹੀਦ ਹੋਏ ਆਪਣੇ ਫੌਜੀ ਭਰਾਵਾਂ ਨੂੰ ਸ਼ਰਧਾਂਜਲੀ ਵੀ ਦਿੰਦਾ ਹੈ।
ਕਾਰਗਿਲ ਫ਼ਤਿਹ:ਪਹਿਲੀ ਵਾਰ ਲੋਕਾਂ ਨੇ ਕਿਸੇ ਜੰਗ ਨੂੰ ਦੇਖਿਆ ਸੀ ਆਪਣੇ ਟੀਵੀ 'ਤੇ ਕਾਰਗਿਲ ਜੰਗ ਵਿੱਚ ਟਾਈਗਰ ਹਿੱਲ ਜਿੱਤਣ ਵਾਲੇ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਦੱਸੀਆਂ ਇਸ ਲੜਾਈ ਦੀਆਂ ਕੁਝ ਅਹਿਮ ਗੱਲਾਂ...
ਕਾਰਗਿਲ ਇਲਾਕੇ ਤੱਕ ਹੀ ਸੀਮਤ ਸੀ ਇਹ ਜੰਗ
3 ਮਈ 1999 ਤੋਂ ਲੈ ਕੇ 26 ਜੁਲਾਈ 1999 ਤੱਕ ਚੱਲੀ ਭਾਰਤ ਪਾਕਿਸਤਾਨ ਵਿੱਚ ਹੋਈ ਕਾਰਗਿਲ ਦੀ ਜੰਗ ਬਾਰੇ ਦੱਸਦੇ ਹੋਏ ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਕਾਰਗਿਲ ਦੀ ਲੜਾਈ ਮਹਿਜ਼ ਇੱਕ ਅਜਿਹੀ ਲੜਾਈ ਹੈ ਜੋ ਸਿਰਫ ਕਾਰਗਿਲ ਇਲਾਕੇ ਤੱਕ ਹੀ ਸੀਮਤ ਸੀ, ਜਦਕਿ ਇਸ ਤੋਂ ਪਹਿਲੇ ਹੋਈਆਂ ਲੜਾਈਆਂ ਵਿੱਚ ਲੜਾਈ ਇੱਕ ਇਲਾਕੇ ਤੱਕ ਸੀਮਤ ਨਾ ਰਹਿ ਕੇ ਬਲਕਿ ਕਈ ਰਾਜਾਂ ਦੇ ਬੋਰਡਾਂ ਉੱਪਰ ਲੜੀ ਜਾਂਦੀ ਰਹੀ ਹੈ।
ਪਹਿਲੀ ਵਾਰ ਸਰਕਾਰੀ ਸਨਮਾਨਾਂ ਨਾਲ ਸ਼ਹੀਦਾਂ ਦੀਆਂ ਦੇਹਾਂ ਨੂੰ ਘਰ ਭੇਜਿਆ ਸੀ
ਇਸ ਲੜਾਈ ਬਾਰੇ ਦੱਸਦੇ ਹੋਏ ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਕਾਰਗਿਲ ਦੀ ਜੰਗ ਪਹਿਲੀ ਅਜਿਹੀ ਜੰਗ ਹੈ, ਜਿਸ ਵਿੱਚ ਭਾਰਤ ਵੱਲੋਂ ਆਪਣੇ ਹਰ ਸ਼ਹੀਦ ਦੇ ਪਾਰਥਿਵ ਸਰੀਰ ਨੂੰ ਉਸ ਦੇ ਘਰ ਭੇਜਿਆ ਗਿਆ ਅਤੇ ਪੂਰੇ ਰੀਤੀ ਰਿਵਾਜ਼ਾ ਅਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ, ਜਦਕਿ ਕਾਰਗਿਲ ਤੋਂ ਪਹਿਲੇ ਲੜੀਆਂ ਜੰਗਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਸੀ ਬਲਕਿ ਘਰਦਿਆਂ ਨੂੰ ਸਿਰਫ਼ ਇੱਕ ਟੈਲੀਗ੍ਰਾਮ ਭੇਜਿਆ ਜਾਂਦਾ ਸੀ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਸ਼ਹਾਦਤ ਦੀ ਜਾਣਕਾਰੀ ਦਿੱਤੀ ਜਾਂਦੀ ਸੀ।
ਪਹਿਲੀ ਵਾਰ ਜੰਗ ਦੀ ਹੋਈ ਸੀ ਮੀਡੀਆ ਕਵਰੇਜ
ਇਸ ਤੋਂ ਇਲਾਵਾ ਕਾਰਗਿਲ ਦੀ ਇਸ ਲੜਾਈ ਵਿੱਚ ਇੱਕ ਬਹੁਤ ਵੱਡੀ ਖਾਸ ਗੱਲ ਇਹ ਵੀ ਸੀ ਕਿ ਇਸ ਲੜਾਈ ਨੂੰ ਲੋਕਾਂ ਨੇ ਆਪਣੇ ਡਰਾਇੰਗ ਰੂਮ ਅਤੇ ਬੈੱਡਰੂਮ ਵਿੱਚ ਬੈਠ ਕੇ ਟੀਵੀ ਉੱਪਰ ਦੇਖਿਆ, ਜਦ ਕਿ ਇਸ ਤੋਂ ਪਹਿਲੇ ਕਿਸੇ ਵੀ ਲੜਾਈ ਦੀ ਮੀਡੀਆ ਵੱਲੋਂ ਕੋਈ ਕਵਰੇਜ ਨਹੀਂ ਹੋਈ ਸੀ।
ਕਵਰੇਜ ਦੌਰਾਨ ਪੱਤਰਕਾਰ ਵੀ ਹੋਏ ਸਨ ਜ਼ਖ਼ਮੀ
ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਸ਼ੁਰੂਆਤ ਵਿੱਚ ਜਦੋਂ ਮੀਡੀਆ ਇਸ ਲੜਾਈ ਨੂੰ ਕਵਰ ਕਰ ਰਿਹਾ ਸੀ ਤੇ ਕੁਝ ਪੱਤਰਕਾਰ ਜ਼ਖਮੀ ਹੋ ਗਏ, ਇਸ ਕਰਕੇ ਲੜਾਈ ਦੇ ਅੰਤਿਮ ਦੌਰ ਵਿੱਚ ਫੌਜ ਵੱਲੋਂ ਉਨ੍ਹਾਂ ਨੂੰ ਪਿੱਛੇ ਹਟਾ ਦਿੱਤਾ ਗਿਆ ਤਾਂ ਕਿ ਕਿਸੇ ਪੱਤਰਕਾਰ ਦਾ ਕੋਈ ਨੁਕਸਾਨ ਨਾ ਹੋ ਸਕੇ। ਬ੍ਰਿਗੇਡੀਅਰ ਬਾਜਵਾ ਦੱਸਦੇ ਹਨ ਕਿ ਜਿੰਨਾ ਜੋਸ਼ ਇਸ ਜੰਗ ਵਿੱਚ ਫ਼ੌਜੀਆਂ ਵਿੱਚ ਭਰਿਆ ਹੋਇਆ ਸੀ। ਉਨ੍ਹਾਂ ਹੀ ਜੋਸ਼ ਇਸ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਵਿੱਚ ਵੀ ਦੇਖਣ ਨੂੰ ਮਿਲਿਆ।