ਜਲੰਧਰ: 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਦੀ ਜੰਗ ਵਿੱਚ ਫ਼ਤਿਹ ਹਾਸਲ ਕੀਤੀ ਸੀ। ਇਸ ਦਿਨ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਕਰੀਬ ਦੋ ਮਹੀਨੇ ਤੱਕ ਚੱਲੀ ਇਹ ਕਾਰਗਿਲ ਦੀ ਲੜਾਈ ਭਾਰਤੀ ਫੌਜ ਦੇ ਹੌਂਸਲੇ ਅਤੇ ਬਹਾਦਰੀ ਦਾ ਅਜਿਹਾ ਉਦਾਹਰਣ ਹੈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਵੱਲੋਂ ਕਾਰਗਿਲ ਜੰਗ ਦੀਆਂ ਕੁਝ ਅਹਿਮ ਗੱਲਾਂ ਈਟੀਵੀ ਭਾਰਤ ਦੀ ਟੀਮ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।
ਕਾਰਗਿਲ ਵਿਜੇ ਦਿਵਸ: ਬ੍ਰਿਗੇਡੀਅਰ ਬਾਜਵਾ ਨੂੰ ਕਦੀ ਨਹੀਂ ਭੁੱਲੇਗਾ ਪਾਕਿਸਤਾਨੀ ਇਹ ਅਫ਼ਸਰ ਭਾਰਤੀ ਫ਼ੌਜ ਦੀ ਸਿਫ਼ਾਰਿਸ਼ 'ਤੇ ਪਾਕਿ ਕੈਪਟਨ ਨੂੰ ਮਿਲਿਆ ਸੀ ਬਹਾਦਰੀ ਪੁਰਸਕਾਰ
ਕਾਰਗਿਲ ਵਿੱਚ ਭਾਰਤ ਪਾਕਿਸਤਾਨ ਦੀ ਜੰਗ ਦੌਰਾਨ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਸਿਰਫ ਆਪਣੇ ਅਫ਼ਸਰਾਂ ਅਤੇ ਜਵਾਨਾਂ ਦੀ ਰੱਖਿਆ ਅਤੇ ਸਨਮਾਨ ਹੀ ਨਹੀਂ ਕੀਤਾ, ਬਲਕਿ ਦੁਸ਼ਮਣ ਫ਼ੌਜ ਦੇ ਅਫ਼ਸਰ ਦੇ ਸਰੀਰ ਨੂੰ ਵੀ ਪੂਰੇ ਸਨਮਾਨ ਨਾਲ ਨਾ ਸਿਰਫ ਪਾਕਿਸਤਾਨ ਭਿਜਵਾਇਆ, ਬਲਕਿ ਉਸ ਨੂੰ ਪਾਕਿਸਤਾਨ ਦਾ ਸਰਬ-ਉੱਚ ਸਨਮਾਨ "ਨਿਸ਼ਾਨ-ਏ-ਹੈਦਰ" ਵੀ ਦਿਵਾਇਆ।
ਇਸ ਬਾਰੇ ਗੱਲ ਕਰਦੇ ਹੋਏ ਬ੍ਰਿਗੇਡੀਅਰ ਐਮ ਪੀ ਐਸ ਬਾਜਵਾ ਦੱਸਦੇ ਹਨ ਕਿ ਟਾਈਗਰ ਹਿੱਲ ਜਿੱਤਣ ਤੋਂ ਬਾਅਦ ਜਦੋਂ ਪਾਕਿਸਤਾਨੀ ਫ਼ੌਜ ਨੇ ਕਾਊਂਟਰ ਅਟੈਕ ਕੀਤਾ ਤਾਂ ਉਸ ਦੀ ਅਗਵਾਈ ਕੈਪਟਨ ਕਰਨਲ ਸ਼ੇਰ ਖਾਨ ਕਰ ਰਿਹਾ ਸੀ। ਇਸ ਲੜਾਈ ਦੌਰਾਨ ਕਈ ਵਾਰ ਪਾਕਿਸਤਾਨੀ ਫੌਜ ਨੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਪਰ ਕੈਪਟਨ ਕਰਨਲ ਸ਼ੇਰ ਖਾਨ ਨੇ ਉਨ੍ਹਾਂ ਨੂੰ ਹੌਂਸਲਾ ਦੇ ਕੇ ਦੁਬਾਰਾ ਫਿਰ ਲੜਾਈ ਦੇ ਮੈਦਾਨ ਵਿੱਚ ਲਿਆਂਦਾ।
ਪਾਕਿ ਕੈਪਟਨ ਦੀ ਲਾਸ਼ ਭਾਰਤ ਤੋਂ ਪਾਕਿ ਭੇਜੀ ਤਾਂ ਜੇਬ੍ਹ 'ਚ ਬਾਜਵਾ ਨੇ ਇੱਕ ਚਿੱਟ ਰੱਖੀ ਸੀ
ਬ੍ਰਿਗੇਡੀਅਰ ਬਾਜਵਾ ਦੱਸਦੇ ਹਨ ਕਿ ਕੈਪਟਨ ਕਰਨਲ ਸ਼ੇਰ ਖਾਨ ਦੇ ਇਸ ਹੌਂਸਲੇ ਅਤੇ ਬਹਾਦਰੀ ਨਾਲ ਲੜਨ ਦੇ ਜਜ਼ਬੇ ਨੂੰ ਉਹ ਕਦੇ ਵੀ ਭੁੱਲ ਨਹੀਂ ਸਕਦੇ। ਇਹੀ ਕਾਰਨ ਸੀ ਕਿ ਲੜਾਈ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੀਨੀਅਰ ਅਫਸਰਾਂ ਦੀ ਇਜਾਜ਼ਤ ਲੈ ਕੇ ਉੱਥੇ ਦੇ ਕੁਝ ਸਿਵਲ ਲੋਕਾਂ ਨੂੰ ਬੁਲਾ ਕੇ ਕੈਪਟਨ ਕਰਨਲ ਸ਼ੇਰ ਖ਼ਾਨ ਦੇ ਸਰੀਰ ਨੂੰ ਆਪਣੇ ਕੋਲ ਲਿਆਂਦਾ। ਜਦੋਂ ਕੈਪਟਨ ਕਰਨਲ ਸ਼ੇਰ ਖ਼ਾਨ ਦੀਆਂ ਜੇਬਾਂ ਚੈੱਕ ਕੀਤੀਆਂ ਤਾਂ ਉਸ ਵਿੱਚੋਂ ਉਸ ਦੀ ਪਤਨੀ ਅਤੇ ਪਿਤਾ ਦੀਆਂ ਚਿੱਠੀਆਂ ਬਰਾਮਦ ਹੋਈਆਂ, ਜਿਸ ਨਾਲ ਹੀ ਇਹ ਪਹਿਚਾਣ ਹੋਈ ਕਿ ਇਹ ਪਾਕਿਸਤਾਨੀ ਫੌਜ ਦਾ ਇੱਕ ਕੈਪਟਨ ਹੈ ਅਤੇ ਇਸ ਦਾ ਨਾਂਅ ਕੈਪਟਨ ਕਰਨਲ ਸ਼ੇਰ ਖਾਨ ਹੈ। ਬ੍ਰਿਗੇਡੀਅਰ ਬਾਜਵਾ ਦੱਸਦੇ ਹਨ ਕਿ ਜਦੋਂ ਕੈਪਟਨ ਕਰਨਲ ਸ਼ੇਰ ਖਾਨ ਦੇ ਸਰੀਰ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਣਾ ਸੀ ਤਾਂ ਉਨ੍ਹਾਂ ਨੇ ਉਸ ਦੀ ਜੇਬ ਵਿੱਚ ਇੱਕ ਚਿੱਟ ਲਿਖ ਕੇ ਰੱਖ ਦਿੱਤੀ, ਜਿਸ ਵਿੱਚ ਲਿਖਿਆ ਸੀ ਕੀ ਤੁਹਾਡਾ ਇਹ ਅਫਸਰ ਬੜੀ ਹੀ ਬਹਾਦਰੀ ਨਾਲ ਜੰਗ ਲੜਦਾ ਹੋਇਆ ਸ਼ਹੀਦ ਹੋਇਆ ਹੈ ਅਤੇ ਇਸ ਨੂੰ ਇਸ ਦਾ ਬਣਦਾ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਹੈ।
ਚਿੱਟ ਨੂੰ ਪੜ੍ਹਨ ਤੋਂ ਬਾਅਦ ਪਾਕਿ ਸਰਕਾਰ ਨੇ ਕੈਪਟਨ ਸ਼ੇਰ ਖ਼ਾਨ ਨੂੰ ਦਿੱਤਾ ਸੀ ਨਿਸ਼ਾਨ-ਏ-ਹੈਦਰ
ਬ੍ਰਿਗੇਡੀਅਰ ਬਾਜਵਾ ਅਨੁਸਾਰ ਇਹ ਚਿੱਟ ਪਾਕਿਸਤਾਨ ਪਹੁੰਚ ਗਈ ਅਤੇ ਇਸੇ ਚਿੱਟ ਨੂੰ ਪੜ੍ਹਨ ਤੋਂ ਬਾਅਦ ਪਾਕਿਸਤਾਨੀ ਸਰਕਾਰ ਵੱਲੋਂ ਕੈਪਟਨ ਕਰਨਲ ਸ਼ੇਰ ਖਾਨ ਨੂੰ ਪਾਕਿਸਤਾਨ ਦੇ ਸਰਬ-ਉੱਚ ਫੌਜੀ ਸਨਮਾਨ "ਨਿਸ਼ਾਨ-ਏ-ਹੈਦਰ" ਨਾਲ ਸਨਮਾਨਿਤ ਕੀਤਾ ਗਿਆ।
ਕੈਪਟਨ ਸ਼ੇਰ ਖ਼ਾਨ ਦੇ ਪਿਤਾ ਨੇ ਚਿੱਠੀ ਰਾਹੀਂ ਬਾਜਵਾ ਦਾ ਕੀਤਾ ਸੀ ਧੰਨਵਾਦ
ਉਨ੍ਹਾਂ ਅਨੁਸਾਰ ਇਸ ਸਨਮਾਨ ਨੂੰ ਮਿਲਣ ਤੋਂ ਬਾਅਦ ਖੁਦ ਕੈਪਟਨ ਕਰਨਲ ਸ਼ੇਰ ਖ਼ਾਨ ਦੇ ਪਿਤਾ ਦੀ ਚਿੱਠੀ ਉਨ੍ਹਾਂ ਨੂੰ ਆਈ, ਜਿਸ ਵਿੱਚ ਉਨ੍ਹਾਂ ਨੇ ਬ੍ਰਿਗੇਡੀਅਰ ਬਾਜਵਾ ਦਾ ਧੰਨਵਾਦ ਕੀਤਾ ਸੀ।