ਜਲੰਧਰ: ਸ਼ਹਿਰ ਦੇ ਪਿੰਡ ਤੱਲਣ ਦੇ ਇੱਕ ਖੂਹ ਵਿੱਚ ਤੱਲਣ ਸਾਹਿਬ ਗੁਰਦੁਆਰੇ ਦੇ ਸੇਵਾਦਾਰ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਲਾਸ਼ ਮਿਲਣ ਤੋਂ ਬਾਅਦ ਸਾਰੇ ਇਲਾਕੇ ਵਿੱਚ ਡਰ ਤੇ ਸਨਸਨੀ ਫੈਲ ਗਈ। ਦੱਸ ਦੇਈਏ ਕਿ ਮ੍ਰਿਤਕ ਪਿਛਲੇ 6 ਸਾਲਾਂ ਤੋਂ ਤੱਲਣ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੀ ਸੇਵਾ ਕਰ ਰਿਹਾ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ਬੂਟਾ ਸਿੰਘ ਹੈ ਤੇ ਉਸ ਦੀ ਉਮਰ 40 ਸਾਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਤੋਂ ਬੂਟਾ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਭਾਲ ਕੀਤੀ। ਭਾਲ ਦੌਰਾਨ ਉਨ੍ਹਾਂ ਨੂੰ ਸੇਵਾਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਲਾਸ਼ ਖੂਹ ਵਿੱਚ ਪਈ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਬੂਟਾ ਸਿੰਘ ਕਦੇ ਖੁਦਕੁਸ਼ੀ ਨਹੀਂ ਕਰ ਸਕਦਾ ਉਸ ਦਾ ਕਤਲ ਹੋਇਆ ਹੈ। ਇਹ ਕਿਸੇ ਦੀ ਰਜਿੰਸ਼ ਹੈ। ਉਨ੍ਹਾਂ ਨੇ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।