ਜਲੰਧਰ: ਪੰਜਾਬ ਵਿੱਚ ਹੋਏ ਕਰੋੜਾਂ ਰੁਪਏ ਦੇ ਬੀਜ ਘੁਟਾਲੇ ਦੇ ਮੁੱਦੇ 'ਤੇ ਹੁਣ ਭਾਜਪਾ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਜਲੰਧਰ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਨੇ ਪੰਜਾਬ ਵਿੱਚ ਕਾਂਗਰਸ ਸਰਕਾਰ 'ਤੇ ਇਸ ਮੁੱਦੇ ਨੂੰ ਲੈ ਕੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ।
ਮਨੋਰੰਜਨ ਕਾਲੀਆ ਨੇ ਕਿਹਾ ਕਿ ਜਿੱਥੇ ਪੂਰੀ ਦੁਨੀਆਂ ਦੀਆਂ ਸਰਕਾਰਾਂ ਕੋਰੋਨਾ ਨਾਲ ਲੜ ਰਹੀਆਂ ਹਨ, ਉੱਥੇ ਹੀ ਪੰਜਾਬ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਤੋਂ ਬਾਅਦ ਹੁਣ ਕਰੋੜਾਂ ਰੁਪਏ ਦੇ ਬੀਜ ਘੁਟਾਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬੀਜ ਘੋਟਾਲੇ ਨੂੰ ਲੈ ਕੇ ਜਿੱਥੇ ਐਫਆਈਆਰ ਤਾਂ ਦਰਜ ਕਰ ਦਿੱਤੀ ਗਈ ਹੈ ਪਰ ਹੁਣ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਆਪਣੇ ਹੀ ਲੋਕਾਂ ਦੇ ਜੁੜੇ ਹੋਣ ਕਰਕੇ ਇਸ ਦੀ ਸਹੀ ਕਾਰਵਾਈ ਨਹੀਂ ਕਰ ਪਾ ਰਹੀ ਹੈ।