ਚੰਡੀਗੜ੍ਹ : ਪੰਜਾਬ 'ਚ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਸਾਰੀਆਂ ਪਾਰਟੀਆਂ ਜਿੱਤਣ ਲਈ ਕੋਈ ਕਸਰ ਨਹੀਂ ਛੱਡ ਰਹੀਆਂ। ਹਰ ਕਿਸੇ ਨੇ ਆਪਣੇ ਪੱਧਰ 'ਤੇ ਪੂਰੀ ਤਿਆਰੀ ਕੀਤੀ ਹੋਈ ਹੈ। ਪਾਰਟੀਆਂ ਵੱਲੋਂ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਟੀਮ ਵੀ ਬਣਾਈ ਗਈ ਹੈ। ਜਲੰਧਰ ਉਪ ਚੋਣ ਲਈ ਭਾਜਪਾ ਨੇ 40 ਆਗੂਆਂ ਨੂੰ ਆਪਣਾ ਪ੍ਰਚਾਰਕ ਬਣਾਇਆ ਹੈ। ਜਿਸ ਵਿੱਚ ਅਨੁਰਾਗ ਠਾਕੁਰ, ਗਜੇਂਦਰ ਸਿੰਘ ਸ਼ੇਖਾਵਤ, ਹਰਦੀਪ ਸਿੰਘ ਪੁਰੀ ਅਤੇ ਸਮ੍ਰਿਤੀ ਇਰਾਨੀ ਵਰਗੇ ਕੇਂਦਰੀ ਮੰਤਰੀਆਂ ਦੀ ਫੌਜ ਵੀ ਹੈ।
ਚੋਣ ਪ੍ਰਚਾਰ ਨੇ ਭਾਜਪਾ ਮੈਦਾਨ 'ਚ ਉਤਾਰੇਗੀ 40 ਸਟਾਰ ਪ੍ਰਚਾਰਕ; ਕੇਂਦਰੀ ਮੰਤਰੀ ਵੀ ਸ਼ਾਮਲ, ਦੇਖੋ ਸੂਚੀ ਇਸ ਤੋਂ ਇਲਾਵਾ ਜਲੰਧਰ ਉਪ ਚੋਣ 'ਚ ਪਾਰਟੀ ਦਾ ਪ੍ਰਚਾਰ ਕਰਨ ਲਈ ਗਾਇਕ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਸਮੇਤ ਹੋਰ ਥਾਵਾਂ ਤੋਂ ਕਈ ਵੱਡੇ ਤੇ ਮਸ਼ਹੂਰ ਆਗੂ ਪਹੁੰਚਣਗੇ। ਇਸ ਦੇ ਨਾਲ ਹੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਹਲਕਾ ਇੰਚਾਰਜ ਵਿਜੇ ਰੁਪਾਣੀ, ਕੈਪਟਨ ਅਮਰਿੰਦਰ, ਸੁਨੀਲ ਜਾਖੜ, ਮਨਪ੍ਰੀਤ ਬਾਦਲ ਸਮੇਤ ਪੰਜਾਬ ਦੇ ਕਈ ਵੱਡੇ ਨੇਤਾ ਪ੍ਰਚਾਰਕਾਂ 'ਚ ਸ਼ਾਮਲ ਹੋਏ ਹਨ।
10 ਮਈ ਨੂੰ ਪੈਣਗੀਆਂ ਵੋਟਾਂ :ਤੁਹਾਨੂੰ ਦੱਸ ਦੇਈਏ ਕਿ ਜਲੰਧਰ ਲੋਕ ਸਭਾ ਉਪ ਚੋਣ 10 ਮਈ 2023 ਨੂੰ ਹੋਣੀ ਹੈ ਅਤੇ ਨਤੀਜਾ 13 ਮਈ ਨੂੰ ਜਾਰੀ ਕੀਤਾ ਜਾਵੇਗਾ। ਜਲੰਧਰ ਉਪ ਚੋਣ ਲਈ ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਬਣਾਇਆ ਹੈ। 10 ਅਪ੍ਰੈਲ ਨੂੰ ਹੀ ਭਾਜਪਾ 'ਚ ਅਟਵਾਲ ਦੀ ਨਵੀਂ ਸ਼ਮੂਲੀਅਤ ਹੋ ਗਈ ਹੈ। ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ। ਇੰਦਰ ਇਕਬਾਲ ਸਿੰਘ ਅਟਵਾਲ ਇਸ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਵਿਧਾਇਕ ਰਹਿ ਚੁੱਕੇ ਹਨ।
ਸੱਤਾ ਧਿਰ ਵੀ ਸਰਗਰਮ :ਇਧਰ ਆਮ ਆਦਮੀ ਪਾਰਟੀ ਨੇ ਵੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਨਵੀਂ ਸ਼ਮੂਲੀਅਤ ਨੂੰ ਤਰਜੀਹ ਦਿੱਤੀ ਹੈ। ਪਾਰਟੀ ਨੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੁਸ਼ੀਲ ਕੁਮਾਰ ਰਿੰਕੂ ਹਾਲ ਹੀ ਵਿੱਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦਾ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਿੱਚ ਸਵਾਗਤ ਕੀਤਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।
ਇਹ ਵੀ ਪੜ੍ਹੋ :ਗੋਲਡੀ ਕੰਬੋਜ ਦੇ ਪਿਤਾ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਨਵਾਂ ਮੋੜ, ਸ਼ਿਕਾਇਤਕਰਤਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਮਾਮਲਾ
ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਜਲੰਧਰ ਸੀਟ :ਦੂਜੇ ਪਾਸੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਕਰਮਜੀਤ ਕੌਰ ਚੌਧਰੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਰਮਜੀਤ ਕੌਰ ਚੌਧਰੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਹੈ। ਸੰਤੋਖ ਸਿੰਘ ਚੌਧਰੀ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸਨ। ਪਰ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦੌਰਾਨ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਯਾਨੀ ਪਹਿਲਾਂ ਇਹ ਸੀਟ ਕਾਂਗਰਸ ਕੋਲ ਹੀ ਸੀ। ਇਸ ਲਈ ਪਾਰਟੀ ਕਿਸੇ ਵੀ ਕੀਮਤ 'ਤੇ ਇਸ ਨੂੰ ਗੁਆਉਣਾ ਨਹੀਂ ਚਾਹੁੰਦੀ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।