ਚੰਡੀਗੜ੍ਹ:ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ। ਦੱਸ ਦਈਏ ਕਿ ਉਹ ਰਾਹੁਲ ਗਾਂਧੀ ਨਾਲ ਯਾਤਰਾ ਵਿੱਚ ਚੱਲ ਰਹੇ ਸਨ ਤੇ ਇਸ ਦੌਰਾਨ ਉਹਨਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਮਗਰੋਂ ਤੁਰੰਤ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਰਸਤੇ ਵਿੱਚ ਹੀ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਰੀਬ 8.45 ਵਜੇ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਰਾਹੁਲ ਗਾਂਧੀ ਵੀ ਉਨ੍ਹਾਂ ਨੂੰ ਦੇਖਣ ਹਸਪਤਾਲ ਗਏ।
ਰਾਹੁਲ ਨੇ ਰੋਕੀ ਭਾਰਤ ਜੋੜੋ ਯਾਤਰਾ:ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਮਗਰੋਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਹੈ। ਇਹ ਯਾਤਰਾ ਅੱਜ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਫਗਵਾੜਾ ਵੱਲ ਜਾ ਰਹੀ ਸੀ। ਸਵੇਰੇ 9 ਵਜੇ ਤੱਕ ਰਾਹੁਲ ਗਾਂਧੀ ਨੇ ਫਿਲੌਰ ਦੇ ਭੱਟੀਆਂ ਤੱਕ ਯਾਤਰਾ ਪੂਰੀ ਕੀਤੀ ਅਤੇ ਯਾਤਰਾ ਨੂੰ ਟੀ-ਬ੍ਰੇਕ ਲਈ ਰੋਕ ਦਿੱਤਾ ਗਿਆ। ਟੀ-ਬ੍ਰੇਕ 'ਤੇ ਰੁਕੇ ਰਾਹੁਲ ਗਾਂਧੀ ਕੁਝ ਮਿੰਟ ਅੰਦਰ ਬੈਠਣ ਤੋਂ ਬਾਅਦ ਕੁਝ ਕਾਂਗਰਸੀ ਆਗੂਆਂ ਨਾਲ ਕਾਰ ਵਿੱਚ ਚਲੇ ਗਏ।
ਸੁਰੱਖਿਆ ਵਿੱਚ ਹੋਰ ਵਾਧਾ:ਰਾਹੁਲ ਗਾਂਧੀ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ, ਹੁਣ ਰਾਹੁਲ ਦੀ ਆਪਣੀ ਸੁਰੱਖਿਆ ਤੋਂ ਇਲਾਵਾ ਪੰਜਾਬ ਪੁਲਿਸ ਦੇ 250 ਜਵਾਨਾਂ ਦੀ ਘੇਰਾਬੰਦੀ ਹੋਵੇਗੀ। ਬਿਨਾਂ ਇਜਾਜ਼ਤ ਕਿਸੇ ਨੂੰ ਵੀ ਉਨ੍ਹਾਂ ਦੇ ਨੇੜੇ ਨਹੀਂ ਜਾਣ ਦਿੱਤਾ ਜਾਵੇਗਾ।
ਇਹ ਵੀ ਪੜੋ:ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨਗੇ PCS ਅਧਿਕਾਰੀ, ਹੜਤਾਲ ਕਾਰਨ ਲੋਕ ਹੋਏ ਸਨ ਪਰੇਸ਼ਾਨ
ਭਾਰਤ ਜੋੜੋ ਯਾਤਰਾ ਦੇ ਕੈਂਪ ਵਿੱਚ ਮਨਾਈ ਲੋਹੜੀ:ਬੀਤੇ ਦਿਨ ਲੁਧਿਆਣਾ ਵਿੱਚ ਲੱਗੇ ਭਾਰਤ ਜੋੜੋ ਯਾਤਰਾ ਦੇ ਕੈਂਪ ਵਿੱਚ ਲੋਹੜੀ ਮਨਾਈ ਗਈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਵੱਡੇ ਆਗੂਆਂ ਨੇ ਢੋਲ ਦੇ ਥਾਪ ਉੱਤੇ ਭੰਗੜਾ ਪਾਇਆ ਸੀ।
ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਰੂਟਾਂ ਵਿੱਚ ਤਬਦੀਲੀ:ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਰਨ 14 ਜਨਵਰੀ ਨੂੰ ਜਲੰਧਰ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਜਲੰਧਰ ਜਾਣ ਵਾਲਾ ਰੂਟ ਬਦਲਿਆ ਗਿਆ ਹੈ। ਇਸ ਦੇ ਲਈ ਕਮਿਸ਼ਨਰੇਟ ਅਤੇ ਜ਼ਿਲ੍ਹਾ ਪੁਲਿਸ (ਦਿਹਾਤੀ) ਨੇ ਡਾਇਵਰਟ ਰੂਟ ਪਲਾਨ ਵੀ ਜਾਰੀ ਕੀਤੇ ਹਨ। ਟਰੈਫਿਕ ਪ੍ਰਬੰਧਾਂ ਅਨੁਸਾਰ ਜਲੰਧਰ-ਫਗਵਾੜਾ ਤੋਂ ਲੁਧਿਆਣਾ ਵੱਲ ਜਾਣ ਵਾਲੀ ਟਰੈਫਿਕ ਨਵਾਂ ਸ਼ਹਿਰ ਬਾਈਪਾਸ ਬੰਗਾ ਰਾਹੀਂ ਲੁਧਿਆਣਾ ਜਾਵੇਗੀ। ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਟਰੈਫਿਕ ਲੁਧਿਆਣਾ ਤੋਂ ਸਿੱਧਵਾਂ ਬੇਟ, ਮਹਿਤਪੁਰ, ਨਕੋਦਰ ਹੁੰਦੀ ਹੋਈ ਜਲੰਧਰ ਪਹੁੰਚੇਗੀ। ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵਾਹਨ (ਵਨ-ਵੇਅ) ਕੋਨਿਕਾ ਰਿਜ਼ੋਰਟ ਤੋਂ ਗੁਰਾਇਆ, ਫਿਲੌਰ ਅਤੇ ਲੁਧਿਆਣਾ ਨੂੰ ਜਾਣਗੇ।
15 ਜਨਵਰੀ ਨੂੰ ਵੀ ਰੂਟਾਂ ਵਿੱਚ ਤਬਦੀਲੀ:ਭਾਰਤ ਜੋੜੋ ਯਾਤਰਾ ਕਾਰਨ 15 ਜਨਵਰੀ ਨੂੰ ਲੁਧਿਆਣਾ-ਫਗਵਾੜਾ ਤੋਂ ਹੁਸ਼ਿਆਰਪੁਰ ਜਾਣ ਵਾਲੀ ਟਰੈਫਿਕ ਫਗਵਾੜਾ ਤੋਂ ਮੇਹਟੀਆਣਾ ਹੋ ਕੇ ਹੁਸ਼ਿਆਰਪੁਰ ਪਹੁੰਚੇਗੀ। ਲੁਧਿਆਣਾ-ਫਗਵਾੜਾ ਤੋਂ ਅੰਮ੍ਰਿਤਸਰ ਜਾਣ ਵਾਲਾ ਟਰੈਫਿਕ ਫਗਵਾੜਾ ਤੋਂ ਮੇਹਟੀਆਣਾ, ਆਦਮਪੁਰ, ਭੋਗਪੁਰ ਵਾਇਆ ਟਾਂਡਾ, ਸ੍ਰੀ ਹਰਗੋਬਿੰਦਪੁਰ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਪਹੁੰਚੇਗਾ। ਜਲੰਧਰ ਤੋਂ ਫਗਵਾੜਾ ਜਾਣ ਵਾਲਾ ਟਰੈਫਿਕ 66 ਫੁੱਟੀ ਰੋਡ ਰਾਹੀਂ ਜਮਸ਼ੇਰ, ਜੰਡਿਆਲਾ ਤੋਂ ਸਤਨਾਮਪੁਰਾ ਤੋਂ ਹੁੰਦਾ ਹੋਇਆ ਫਗਵਾੜਾ ਪਹੁੰਚੇਗਾ। ਜਲੰਧਰ ਤੋਂ ਪਠਾਨਕੋਟ ਨੂੰ ਜਾਣ ਵਾਲਾ ਟਰੈਫਿਕ ਕਰਤਾਰਪੁਰ, ਬਿਆਸ, ਬਟਾਲਾ ਵਾਇਆ ਗੁਰਦਾਸਪੁਰ ਵਾਇਆ ਪਠਾਨਕੋਟ ਚੌਕ ਫਲਾਈਓਵਰ ਰਾਹੀਂ ਪਠਾਨਕੋਟ ਪਹੁੰਚੇਗਾ।
11 ਜਨਵਰੀ ਨੂੰ ਪੰਜਾਬ ਤੋਂ ਸ਼ੁਰੂ ਹੋਈ ਸੀ ਭਾਰਤ ਜੋੜੋ ਯਾਤਰਾ:ਦੱਸ ਦਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ 11 ਜਨਵਰੀ ਨੂੰ ਪੰਜਾਬ ਵਿੱਚ ਸ਼ੁਰੂ ਹੋਈ ਜੋ ਕਿ ਸਰਹਿੰਦ ਦੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਖੰਨਾ ਤੱਕ ਗਈ ਸੀ। ਦੂਜੇ ਦਿਨ ਇਹ ਯਾਤਰਾ ਦੋਰਾਹਾ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਂਕ ਤਕ ਗਈ ਸੀ। ਜਿਸ ਤੋਂ ਮਗਰੋਂ ਲੋਹੜੀ ਕਾਰਨ ਇੱਕ ਬਰੇਕ ਲਿਆ ਗਿਆ ਸੀ। ਉੱਥੇ ਹੀ ਇਹ ਵੀ ਦੱਸ ਦਈਏ ਕਿ ਪੰਜਾਬ ਵਿੱਚ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ।
ਇਹ ਵੀ ਪੜੋ:Daily Love Rashifal ਜਾਣੋ ਕਿਹੜੀ ਰਾਸ਼ੀ ਵਾਲੇ ਰਹਿਣਗੇ ਉਦਾਸ ਤੇ ਖੁਸ਼, ਪੜ੍ਹੋ ਅੱਜ ਦਾ ਲਵ ਰਾਸ਼ੀਫਲ